• Français
Bladder Cancer CanadaBladder Cancer CanadaBladder Cancer CanadaBladder Cancer Canada
  • Bladder Cancer
    • See Red?
    • What is Bladder Cancer?
    • Statistics and Risk Factors
    • Symptoms and Diagnosis
    • Staging and Grading
    • Types of Bladder Cancer
      • Non-Muscle Invasive Bladder Cancer
      • Muscle Invasive Bladder Cancer
      • Metastatic Bladder Cancer
      • Upper Tract Urothelial Carcinoma
    • Treatment Options
      • TURBT
      • BCG
      • Chemotherapy and Radiation
      • Bladder Removal Surgery
      • Immunotherapy
      • Bladder Preservation Options
      • Palliative Care
      • Clinical Trials
      • Advanced Bladder Cancer Treatment
    • Research and Studies
      • Meet the Researchers
  • Patients
    • Get Support
      • Support Groups
      • One2One Peer Support
      • Online Discussion Forum
      • Contact Us by Phone or Email
    • Navigating Your Diagnosis
      • Newly Diagnosed?
      • Coping With Emotions
      • Health and Wellness Resources
      • Clinical Trials
    • Educational Resources
      • Guidebooks
      • Webinars and Videos
      • Podcast
      • Seminars
      • Newsletter
      • Glossary
    • Upcoming Events
    • News and Stories
    • Links and Other Resources
  • Get Involved
    • Year-End Giving
    • Donate
    • Fundraise
    • Volunteer
    • Share Your Story
    • Patient Study Recruitment
    • Patient Self-Advocacy
    • Bladder Cancer Awareness Month
    • Your Impact
  • Health Care Practitioners
    • Doctor Resources
    • BCC Research Grant Applications
    • BCC Research Grant Recipients
    • CBCIS
    • CBCRN
    • Medical Advisory Board
  • About Us
    • Who We Are
    • Board of Directors
    • Staff
    • Medical Advisory Board
    • Sponsors and Partners
    • Financial Statements and Annual Reports
    • Newsletter
    • Contact Us
  • Shop
  • Walk With Us
  • Donate

Home » Patients » Educational Resources » Bladder Cancer Guidebooks » Guidebook Translations » ਮੈਟਾਸਟੈਟਿਕ ਬਲੈਡਰ ਕੈਂਸਰ – ਮਰੀਜ਼ ਗਾਈਡ

ਇਹ ਪੰਨਾ ਪ੍ਰਿੰਟ ਕਰੋ →

icon-notalone

ਤੁਸੀਂ ਇਕੱਲੇ ਨਹੀਂ ਹੋ

ਇਹ ਮਰੀਜ਼ ਗਾਈਡ-ਪੁਸਤਿਕਾ ਤੁਹਾਡੇ ਹੀ ਵਰਗੇ ਲੋਕਾਂ ਵੱਲੋਂ ਬਣਾਈ ਗਈ ਸੀ – ਯਾਨੀ ਬਲੈਡਰ ਦੇ ਕੈਂਸਰ ਦੇ ਮਰੀਜ਼ਾਂ ਅਤੇ ਉਹਨਾਂ ਦੇ ਦੇਖਭਾਲ-ਕਰਤਾਵਾਂ ਦੁਆਰਾ। ਇਹ ਤੁਹਾਨੂੰ ਸਹਾਇਤਾ, ਉਤਸ਼ਾਹ ਅਤੇ ਇਸ ਬਾਰੇ ਨੁਕਤਿਆਂ ਦੀ ਪੇਸ਼ਕਸ਼ ਕਰਨ ਲਈ ਡਿਜ਼ਾਈਨ ਕੀਤੀ ਗਈ ਹੈ ਕਿ ਤੁਹਾਡੇ ਬਲੈਡਰ ਦੇ ਕੈਂਸਰ ਵਾਸਤੇ ਪ੍ਰਕਿਰਿਆਵਾਂ ਅਤੇ ਇਲਾਜਾਂ ਨਾਲ ਕਿਵੇਂ ਨਜਿੱਠਣਾ ਹੈ। ਇਹ ਤੁਹਾਨੂੰ ਤੁਹਾਡੀ ਬਿਮਾਰੀ ਅਤੇ ਇਹ ਸਮਝਣ ਵਿੱਚ ਮਦਦ ਕਰ ਸਕਦੀ ਹੈ ਕਿ ਕਿਸ ਚੀਜ਼ ਦੀ ਉਮੀਦ ਕਰਨੀ ਹੈ, ਤੁਹਾਨੂੰ ਕਿਹੜੇ ਇਲਾਜਾਂ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਅਤੇ ਤੁਹਾਡੀ ਬਿਮਾਰੀ ਅਤੇ ਅਣਚਾਹੇ-ਅਸਰਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ।

ਅਸੀਂ ਡਾਕਟਰੀ ਪੇਸ਼ੇਵਰ ਨਹੀਂ ਹਾਂ ਅਤੇ ਤੁਹਾਨੂੰ ਹਮੇਸ਼ਾ ਸਲਾਹ ਵਾਸਤੇ ਪਹਿਲਾਂ ਆਪਣੀ ਡਾਕਟਰੀ ਟੀਮ ਕੋਲ ਜਾਣਾ ਚਾਹੀਦਾ ਹੈ। ਪਰ ਅਸੀਂ ਉਸ ਥਾਂ ’ਤੇ ਰਹਿ ਚੁੱਕੇ ਹਾਂ ਜਿੱਥੇ ਤੁਸੀਂ ਹੁਣ ਹੋ ਅਤੇ ਅਸੀਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕੀਤਾ ਹੈ ਜੋ ਤੁਸੀਂ ਮਹਿਸੂਸ ਕਰ ਰਹੇ ਹੋ। ਸਟੀਕਤਾ ਨੂੰ ਯਕੀਨੀ ਬਣਾਉਣ ਲਈ, ਇਸ ਗਾਈਡ-ਪੁਸਤਿਕਾ ਦੀ ਸਮੀਖਿਆ ਡਾਕਟਰੀ ਪੇਸ਼ੇਵਰਾਂ ਦੀ ਇੱਕ ਟੀਮ ਵੱਲੋਂ ਕੀਤੀ ਗਈ ਹੈ।

ਇਹ ਗਾਈਡ-ਪੁਸਤਿਕਾ ਅੱਗੇ ਫੈਲਣ ਵਾਲੇ (metastatic) ਬਲੈਡਰ ਕੈਂਸਰ ਦਾ ਇਲਾਜ ਕਰਨ ਵਾਸਤੇ ਆਮ ਪਹੁੰਚਾਂ ਬਾਰੇ ਗੱਲਬਾਤ ਕਰੇਗੀ। ਇਹ ਗੱਲ ਦਿਮਾਗ ਵਿੱਚ ਰੱਖੋ ਕਿ ਤੁਹਾਡੀ ਡਾਕਟਰੀ ਟੀਮ ਦੀਆਂ ਪ੍ਰੈਕਟਿਸਾਂ ਅਤੇ ਤੁਹਾਡੀ ਵਿਸ਼ੇਸ਼ ਪ੍ਰਸਥਿਤੀ ’ਤੇ ਨਿਰਭਰ ਕਰਨ ਅਨੁਸਾਰ ਕੁਝ ਅੰਤਰ ਹੋ ਸਕਦੇ ਹਨ। ਅਸੀਂ ਬਹੁਤ ਜ਼ਿਆਦਾ ਡਾਕਟਰੀ ਭਾਸ਼ਾ ਦੀ ਵਰਤੋਂ ਨਹੀਂ ਕਰਾਂਗੇ, ਸਿਵਾਏ ਓਥੇ ਜਿੱਥੇ ਇਹ ਤੁਹਾਡੀ ਡਾਕਟਰੀ ਟੀਮ ਨਾਲ ਬਿਹਤਰ ਸੰਚਾਰ ਕਰਨ ਅਤੇ ਤੁਹਾਡੀ ਬਿਮਾਰੀ ਨੂੰ ਸਮਝਣ ਵਿੱਚ ਮਦਦ ਕਰ ਸਕਦੀ ਹੈ। ਤੁਸੀਂ ਬਲੈਡਰ ਕੈਂਸਰ ਕੈਨੇਡਾ ਦੀ ਵੈੱਬਸਾਈਟ https://bladdercancercanada.org ’ਤੇ ਔਖੇ ਸ਼ਬਦਾਂ ਦੀ ਆਸਾਨੀ ਨਾਲ ਉਪਲਬਧ ਸ਼ਬਦਾਵਲੀ ਦੇਖੋਗੇ।

ਯਾਦ ਰੱਖੋ, ਤੁਸੀਂ ਇਕੱਲੇ ਨਹੀਂ ਹੋ। ਬਲੈਡਰ ਕੈਂਸਰ ਕੈਨੇਡਾ ਵਿਖੇ ਅਸੀਂ ਸਾਰੇ ਤੁਹਾਨੂੰ ਇੱਕ ਭਰਪੂਰ ਅਤੇ ਸੰਤੋਸ਼ਜਨਕ ਜ਼ਿੰਦਗੀ ਜਿਉਣ ਵਿੱਚ ਮਦਦ ਕਰਨ ਨੂੰ ਲੈਕੇ ਜੋਸ਼ ਨਾਲ ਭਰਪੂਰ ਹਾਂ– ਏਥੋਂ ਤੱਕ ਕਿ ਬਲੈਡਰ ਦੇ ਕੈਂਸਰ ਦੀ ਤਸ਼ਖੀਸ ਹੋਣ ਤੋਂ ਬਾਅਦ ਵੀ। ਅਸੀਂ ਇਹ ਕਰ ਰਹੇ ਹਾਂ ਅਤੇ ਤੁਸੀਂ ਵੀ ਇਹ ਕਰ ਸਕਦੇ ਹਾਂ।

ਇਹ ਪੰਨਾ ਪ੍ਰਿੰਟ ਕਰੋ →

ਮੈਟਾਸਟੈਟਿਕ ਬਲੈਡਰ ਕੈਂਸਰ - ਮਰੀਜ਼ ਗਾਈਡ

ਕਿਹੜੀ ਚੀਜ਼ ਬਲੈਡਰ ਦੇ ਕੈਂਸਰ ਦਾ ਕਾਰਨ ਬਣਦੀ ਹੈ?

ਜਿਵੇਂ ਕਿ ਕੈਂਸਰ ਦੀਆਂ ਕਈ ਕਿਸਮਾਂ ਵਿੱਚ ਹੁੰਦਾ ਹੈ, ਬਿਮਾਰੀ ਦੇ ਮੋਹਰੀ ਜੋਖ਼ਮ ਕਾਰਕਾਂ ਵਿੱਚੋਂ ਇੱਕ ਹੈ ਤੰਬਾਕੂਨੋਸ਼ੀ। ਜਿਹੜੇ ਲੋਕ ਤੰਬਾਕੂਨੋਸ਼ੀ ਕਰਦੇ ਹਨ ਉਹਨਾਂ ਨੂੰ ਬਲੈਡਰ ਦਾ ਕੈਂਸਰ ਹੋਣ ਦੀ ਸੰਭਾਵਨਾ ਚਾਰ ਗੁਣਾਂ ਤੱਕ ਜ਼ਿਆਦਾ ਹੋ ਸਕਦੀ ਹੈ। ਕੁਝ ਵਿਸ਼ੇਸ਼ ਰਾਸਾਇਣਾਂ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਜੋਖ਼ਮ ਹੋ ਸਕਦਾ ਹੈ – ਹੋਰਨਾਂ ਕਿੱਤਿਆਂ ਤੋਂ ਇਲਾਵਾ ਚਮੜੇ ਨਾਲ ਕੰਮ ਕਰਨ ਵਾਲੇ ਵਰਕਰ, ਹੇਅਰਡ੍ਰੈਸਰ, ਮਕੈਨਿਕ ਅਤੇ ਪੇਂਟਰ। ​ਰੇਡੀਏਸ਼ਨ ਅਤੇ ਵਿਸ਼ੇਸ਼ ਕੀਮੋਥੈਰੇਪੀ ਨਾਲ ਸੰਪਰਕ (ਜਿਵੇਂ ਕਿ ਸਾਈਕਲੋਫਾਸਫੇਮਾਈਡ)​​ ਨੂੰ ਵੀ ਬਲੈਡਰ ਦੇ ਕੈਂਸਰ ਨਾਲ ​ਜੋੜਿਆ ਜਾ ਚੁੱਕਾ ਹੈ। ਕਾਕੇਸ਼ੀਅਨ ਪੁਰਸ਼ਾਂ ਨੂੰ ਵੀ ਮੁਕਾਬਲਤਨ ਵਧੇਰੇ ਜੋਖ਼ਮ ਹੋ ਸਕਦਾ ਹੈ।

ਪਰ ਸਰਲ ਸਚਾਈ ਇਹ ਹੈ ਕਿ ਕਈ ਲੋਕਾਂ ਵਿੱਚ ਬਿਨਾਂ ਕਿਸੀ ਗਿਆਤ ਕਾਰਨ ਦੇ ਵੀ ਬਲੈਡਰ ਕੈਂਸਰ ਵਿਕਸਿਤ ਹੋ ਜਾਵੇਗਾ। ਤੁਸੀਂ ਉਹਨਾਂ ਲੋਕਾਂ ਵਿੱਚੋਂ ਇੱਕ ਹੋ ਸਕਦੇ ਹੋ। ਇਸ ਬਿੰਦੂ ’ਤੇ ਆਕੇ, “ਕਿਉਂ” ਪੁੱਛਣਾ ਓਨਾ ਮਦਦਗਾਰੀ ਨਹੀਂ ਹੁੰਦਾ ਜਿਨ੍ਹਾਂ ਇਸ ਚੀਜ਼ ’ਤੇ ਧਿਆਨ-ਕੇਂਦਰਿਤ ਕਰਨਾ ਕਿ “ਹੁਣ ਕੀ”।

ਸਾਡੇ ਵਿੱਚੋਂ ਕਈਆਂ ਨੂੰ ਸਾਡੀ ਤਸ਼ਖੀਸ ਤੋਂ ਪਹਿਲਾਂ ਕਦੇ ਇਹ ਪਤਾ ਨਹੀਂ ਸੀ ਕਿ ਬਲੈਡਰ ਕੈਂਸਰ ਮੌਜੂਦ ਸੀ। ਪਰ, ਇਹ ਤੁਹਾਡੇ ਸੋਚਣ ਨਾਲੋਂ ਵਧੇਰੇ ਆਮ ਹੈ, ਕਿਉਂਕਿ ਇਹ ਕੈਨੇਡਾ ਵਿੱਚ 5ਵਾਂ ਸਭ ਤੋਂ ਵੱਧ ਆਮ ਕੈਂਸਰ ਹੈ।

 

ਮੈਟਾਸਟੈਟਿਕ ਬਲੈਡਰ ਕੈਂਸਰ ਕੀ ਹੈ?

ਬਲੈਡਰ ਦੇ ਕੈਂਸਰ ਨੂੰ “ਮੈਟਾਸਟੈਟਿਕ” ਸਮਝਿਆ ਜਾਂਦਾ ਹੈ ਜਦ ਕੈਂਸਰ ਬਲੈਡਰ ਤੋਂ ਸਰੀਰ ਦੇ ਹੋਰ ਭਾਗਾਂ ਤੱਕ ਫੈਲ ਗਿਆ ਹੈ ਜਿਵੇਂ ਕਿ ਲਸਿਕਾ ਗ੍ਰੰਥੀਆਂ (lymph nodes), ਜਿਗਰ, ਫੇਫੜੇ, ਅਤੇ ਹੱਡੀ। ਇਸ ਨੂੰ ਪ੍ਰਗਤੀ ਕਰ ਚੁੱਕੇ ਪੜਾਅ IV ਦਾ ਬਲੈਡਰ ਕੈਂਸਰ ਵੀ ਕਿਹਾ ਜਾਂਦਾ ਹੈ। ਲਗਭਗ 10-15% ਮਰੀਜ਼ਾਂ ਦੀ ਤਸ਼ਖੀਸ ਇਸ ਪੜਾਅ ’ਤੇ ਆ ਕੇ ਕੀਤੀ ਜਾਂਦੀ ਹੈ।

ਮੈਟਾਸਟੈਟਿਕ ਬਲੈਡਰ ਕੈਂਸਰ ਨੂੰ “ਡੇ ਨੋਵੋ” (de novo) ਕਿਹਾ ਜਾ ਸਕਦਾ ਹੈ ਜਿਸਦਾ ਮਤਲਬ ਇਹ ਹੈ ਕਿ ਬਲੈਡਰ ਦਾ ਕੈਂਸਰ ਪਹਿਲਾਂ ਹੀ ਫੈਲ ਚੁੱਕਾ ਹੈ ਜਦ ਇਸ ਦੀ ਪਹਿਲੀ ਵਾਰ ਤਸ਼ਖੀਸ ਕੀਤੀ ਜਾਂਦੀ ਹੈ। ਵਿਕਲਪਿਕ ਤੌਰ ’ਤੇ, ਇਹ ਉਸ ਕੈਂਸਰ ਵਾਸਤੇ ਸ਼ੁਰੂਆਤੀ ਚਿਕਿਤਸਾ ਤੋਂ ਬਾਅਦ ਫੈਲ ਸਕਦਾ ਹੈ ਜੋ ਬਲੈਡਰ ਤੋਂ ਅੱਗੇ ਨਹੀਂ ਫੈਲਿਆ।

ਮੈਟਾਸਟੈਟਿਕ (ਫੈਲ ਚੁੱਕੀ) ਬਿਮਾਰੀ ਨੂੰ ਸ਼ੁਰੂਆਤੀ ਪੜਾਅ ’ਤੇ ਹੀ ਤਸ਼ਖੀਸ ਕਰ ਲਏ ਗਏ ਕੈਂਸਰ ਦੇ ਮੁਕਾਬਲੇ ਜ਼ਿੰਦਗੀ ਦੀ ਮੁਕਾਬਲਤਨ ਘੱਟ ਉਮੀਦ ਨਾਲ ਜੋੜਿਆ ਜਾਂਦਾ ਹੈ। ਇਲਾਜ ਨੂੰ ਜ਼ਿੰਦਗੀ ਨੂੰ ਲੰਬੀ ਕਰਨ ਵਾਸਤੇ, ਰਸੌਲੀ ਨੂੰ ਸੁੰਗੇੜਨ ਜਾਂ ਇਸ ਦੇ ਵਾਧੇ ਨੂੰ ਧੀਮਾ ਕਰਨ ਵਾਸਤੇ, ਲੱਛਣਾਂ ਨੂੰ ਸਹਿਜ ਕਰਨ ਵਾਸਤੇ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਾਸਤੇ ਅਨੁਕੂਲ ਬਣਾਇਆ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ, ਤੁਹਾਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਅਤੇ ਵੱਧ ਤੋਂ ਵੱਧ ਲੰਬੇ ਸਮੇਂ ਲਈ ਜਿਉਂਦੇ ਰਹਿਣ ਵਿੱਚ ਮਦਦ ਕਰਨਾ। ਦੁਰਲੱਭ ਮਾਮਲਿਆਂ ਵਿੱਚ, ਮੈਟਾਸਟੈਟਿਕ ਬਲੈਡਰ ਕੈਂਸਰ ਦੇ ਇਲਾਜ ਦਾ ਸਿੱਟਾ ਪੱਕੇ ਇਲਾਜ ਦੇ ਰੂਪ ਵਿੱਚ ਨਿਕਲ ਸਕਦਾ ਹੈ।

​​ਇਹ ਗਾਈਡ-ਪੁਸਤਿਕਾ ਤੁਹਾਨੂੰ ਇਸ ਚੀਜ਼ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰੇਗੀ ਕਿ ਮੈਟਾਸਟੈਟਿਕ ਬਲੈਡਰ ਕੈਂਸਰ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ, ਤੁਹਾਨੂੰ ਕਿਹੜੇ ਅਣਚਾਹੇ ਅਸਰਾਂ ਦਾ ਅਨੁਭਵ ਹੋ ਸਕਦਾ ਹੈ ਅਤੇ ਤੁਹਾਡੀ ਕੈਂਸਰ ਯਾਤਰਾ ਦਾ ਪ੍ਰਬੰਧਨ ਕਿਵੇਂ ਕੀਤਾ ਜਾ ਸਕਦਾ ਹੈ।​​​

ਹਾਲਾਂਕਿ ਅਸੀਂ ਵਿਸ਼ੇਸ਼ ਤੌਰ ’ਤੇ ਪਿਸ਼ਾਬ ਮਾਰਗ ਦੇ ਉੱਪਰਲੇ ਭਾਗ ਦੇ ਕੈਂਸਰ ਨਾਲ ਵਿਹਾਰ ਨਹੀਂ ਕਰਦੇ, ਪਰ ਇਸ ਗਾਈਡ-ਪੁਸਤਿਕਾ ਦਾ ਕਾਫੀ ਜ਼ਿਆਦਾ ਭਾਗ ਗੁਰਦਾ-ਪੇਡੂ ਦੇ ਕੈਂਸਰਾਂ (ਜਿੱਥੇ ਪਿਸ਼ਾਬ-ਨਾਲੀਆਂ ਅਤੇ ਬਲੈਡਰ ਵਿੱਚ ਜਾਣ ਤੋਂ ਪਹਿਲਾਂ ਪਿਸ਼ਾਬ ਗੁਰਦਿਆਂ ਵਿੱਚ ਜਮ੍ਹਾਂ ਹੁੰਦਾ ਹੈ), ਗੁਰਦੇ ਦੀਆਂ ਖਾਈਆਂ (ਗੁਰਦਿਆਂ ਦੇ ਧੁਰ ਅੰਦਰ ਡੂੰਘੀਆਂ ਥਾਂਵਾਂ), ਅਤੇ ਪਿਸ਼ਾਬ-ਨਾਲੀਆਂ (ਪਤਲੀਆਂ ਟਿਊਬਾਂ, ਜੋ ਮਾਸਪੇਸ਼ੀ ਤੋਂ ਬਣੀਆਂ ਹੁੰਦੀਆਂ ਹਨ, ਜੋ ਪਿਸ਼ਾਬ ਨੂੰ ਗੁਰਦੇ ਤੋਂ ਬਲੈਡਰ ਤੱਕ ਲੈ ਜਾਂਦੀਆਂ ਹਨ) ਦੇ ਕੈਂਸਰਾਂ ’ਤੇ ਵੀ ਲਾਗੂ ਹੋ ਸਕਦਾ ਹੈ।

 

ਮੈਟਾਸਟੈਟਿਕ ਬਲੈਡਰ ਕੈਂਸਰ ਦੇ ਚਿੰਨ੍ਹ ਅਤੇ ਲੱਛਣ

ਮੈਟਾਸਟੈਟਿਕ ਬਲੈਡਰ ਕੈਂਸਰ ਦੇ ਕਈ ਚਿੰਨ੍ਹ ਅਤੇ ਲੱਛਣ ਸਭ ਕਿਸਮਾਂ ਦੇ ਬਲੈਡਰ ਕੈਂਸਰ ਨਾਲ ਮਿਲਦੇ-ਜੁਲਦੇ ਹੁੰਦੇ ਹਨ:

  • ਪਿਸ਼ਾਬ ਵਿੱਚ ਖੂਨ ਜਾਂ ਖੂਨ ਦੇ ਗਤਲੇ
  • ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਣ ਦੀ ਸੰਵੇਦਨਾ
  • ਵਾਰ-ਵਾਰ ਪਿਸ਼ਾਬ ਆਉਣਾ, ਖਾਸ ਕਰਕੇ ਰਾਤ ਸਮੇਂ
  • ਪਿਸ਼ਾਬ ਕਰਨ ਦੀ ਤਾਂਘ, ​​​​​ਚਾਹੇ ਬਲੈਡਰ ਖਾਲੀ ਹੀ ਹੁੰਦਾ ਹੈ​
  • ਪਿੱਠ ਦੇ ਨਿਚਲੇ ਭਾਗ ਵਿੱਚ ਇੱਕ ਪਾਸੇ ਦਰਦ

ਇਸ ਤੋਂ ਇਲਾਵਾ, ਮੈਟਾਸਟੈਟਿਕ ਬਲੈਡਰ ਕੈਂਸਰ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

  • ਭਾਰ ਘਟਣਾ ਅਤੇ ਭੁੱਖ ਘਟਣੀ
  • ਥਕਾਵਟ, ਕਮਜ਼ੋਰੀ ਅਤੇ ਆਮ ਬੇਆਰਾਮੀ
  • ਪੈਰਾਂ ਵਿੱਚ ਸੋਜ
  • ਹੱਡੀ ਦਾ ਦਰਦ
  • ਸੁੱਜੀਆਂ ਹੋਈਆਂ ਲਸਿਕਾ ਗ੍ਰੰਥੀਆਂ
  • ਸਾਹ ਚੜ੍ਹਨਾ ਜਾਂ ਖੰਘਣਾ

ਇਹ ਨੋਟ ਕਰਨਾ ਅਹਿਮ ਹੈ ਕਿ ਹੋ ਸਕਦਾ ਹੈ ਤੁਹਾਡੇ ਵਿੱਚ ਇਹ ਸਾਰੇ ਚਿੰਨ੍ਹ ਅਤੇ ਲੱਛਣ ਨਾ ਹੋਣ। ਨਾਲ ਹੀ, ਉੱਪਰ ਸੂਚੀਬੱਧ ਲੱਛਣਾਂ ਵਿੱਚੋਂ ਕੁਝ ਕੁ ਹੋਰ ਸਮੱਸਿਆਵਾਂ ਦੇ ਚਿੰਨ੍ਹ ਹੋ ਸਕਦੇ ਹਨ। ਲੱਛਣ ਇਸ ਚੀਜ਼ ’ਤੇ ਵੀ ਨਿਰਭਰ ਕਰਦੇ ਹਨ ਕਿ ਕੈਂਸਰ ਸਰੀਰ ਦੇ ਕਿਸ ਭਾਗ ਤੱਕ ਫੈਲ ਗਿਆ ਹੈ। ਜੇ ਤੁਸੀਂ ਇਹਨਾਂ ਲੱਛਣਾਂ ਵਿੱਚੋਂ ਕਿਸੇ ਬਾਰੇ ਵੀ ਚਿੰਤਤ ਹੋ ਤਾਂ ਆਪਣੇ ਸਿਹਤ-ਸੰਭਾਲ ਪ੍ਰਦਾਨਕ ਨਾਲ ਸਲਾਹ-ਮਸ਼ਵਰਾ ਕਰੋ।

ਇਹ ਪੰਨਾ ਪ੍ਰਿੰਟ ਕਰੋ →

ਤੁਹਾਡੇ ਬਲੈਡਰ ਦੇ ਕੈਂਸਰ ਦਾ ਪੜਾਅ ਅਤੇ ਦਰਜਾ ਪਤਾ ਕਰਨਾ

ਤੁਹਾਡੇ ਬਲੈਡਰ ਦੀ ਰਸੌਲੀ ਦੇ ਟ੍ਰਾਂਸਯੂਰੇਥਰਾਲ ਰੀਸੈਕਸ਼ਨ (TURBT) ਦੌਰਾਨ ਬਾਹਰ ਕੱਢੇ ਪਦਾਰਥ ਦੇ ਪ੍ਰਯੋਗਸ਼ਾਲਾ ਵਿੱਚ ਕੀਤੇ ਜਾਂਦੇ ਵਿਸ਼ਲੇਸ਼ਣ ਨੂੰ ਕੈਂਸਰ ਦੀ ਕਿਸਮ ਅਤੇ ਇਸ ਦੇ ਪੜਾਅ ਦਾ ਪਤਾ ਲਾਉਣ ਵਿੱਚ ਕਰਨ ਲਈ ਵਰਤਿਆ ਜਾਂਦਾ ਹੈ। TURBT ਇੱਕ ਸਰਜਰੀ ਵਾਲੀ ਪ੍ਰਕਿਰਿਆ ਹੈ ਜੋ ਸੰਪੂਰਨ ਜਾਂ ਸਥਾਨਕ ਬੇਹੋਸ਼ੀ ਤਹਿਤ ਪਿਸ਼ਾਬ-ਮਾਰਗ ਦੇ ਰਾਹੀਂ ਕੀਤੀ ਜਾਂਦੀ ਹੈ, ਤਾਂ ਜੋ ਸਿਸਟੋਸਕੋਪੀ ਵਿੱਚ ਪਾਏ ਗਏ ਕਿਸੇ ਵੀ ਗੈਰ-ਸਾਧਾਰਨ ਟਿਸ਼ੂ ਨੂੰ ਬਾਇਓਪਸੀ ਲਈ ਬਾਹਰ ਕੱਢਿਆ ਜਾ ਸਕੇ। ਪੜਾਅ ਤੈਅ ਕਰਨ (staging) ਦੀ ਪ੍ਰਕਿਰਿਆ ਕੈਂਸਰ ਨੂੰ ਸਰੀਰ ਵਿੱਚ ਇਸਦੇ ਵਿਸਤਾਰ ਦੇ ਆਧਾਰ ’ਤੇ ਸ਼੍ਰੇਣੀਬੱਧ ਕਰਦੀ ਹੈ।

Stages-Punjabi-600x377

ਪੜਾਅ ਤੈਅ ਕਰਨਾ (Staging)

ਪੜਾਅ ਤੈਅ ਕਰਨ ਵਿੱਚ ਰਸੌਲੀ ਦੀ ਸ਼੍ਰੇਣੀ (T) ਸ਼ਾਮਲ ਹੁੰਦੀ ਹੈ ਜੋ ਖੁਦ ਰਸੌਲੀ ਦਾ ਵਰਣਨ ਕਰਦੀ ਹੈ:

T0 – ਕੈਂਸਰ ਸਿਰਫ਼ ਤੁਹਾਡੇ ਬਲੈਡਰ ਦੇ ਕੇਂਦਰ ਵਿੱਚ ਵਧਿਆ ਹੈ। ਇਹ ਤੁਹਾਡੇ ਬਲੈਡਰ ਦੀ ਦੀਵਾਰ ਦੇ ਟਿਸ਼ੂਆਂ ਜਾਂ ਮਾਸਪੇਸ਼ੀ ਤੱਕ ਨਹੀਂ ਫੈਲਿਆ ਹੈ। ਇਹ ਤੁਹਾਡੀਆਂ ਲਸਿਕਾ ਗ੍ਰੰਥੀਆਂ ਜਾਂ ਹੋਰ ਅੰਗਾਂ ਤੱਕ ਵੀ ਨਹੀਂ ਫੈਲਿਆ ਹੈ।

Tis – ਕਾਰਸੀਨੋਮਾ ਇਨ ਸੀਟੂ (ਚਪਟੀ ਰਸੌਲੀ), ਜਿਸਨੂੰ ਕਈ ਵਾਰ Cis (ਕਾਰਸੀਨੋਮਾ ਇਨ ਸੀਟੂ) ਵੀ ਕਿਹਾ ਜਾਂਦਾ ਹੈ।

Ta – ਗੈਰ-ਧਾਵਕ ਪੈਪਿਲਰੀ ਕਾਰਸੀਨੋਮਾ।

T1 – ਰਸੌਲੀ ਬਲੈਡਰ ਦੀ ਕਿਨਾਰੀ ਦੀ ਪਹਿਲੀ ਪਰਤ ਵਿੱਚ ਹੈ, ਪਰ ਆਸ-ਪਾਸ ਦੀ ਮਾਸਪੇਸ਼ੀ ਵਿੱਚ ਨਹੀਂ।

T2 – ਰਸੌਲੀ ਵਧਕੇ ਮਾਸਪੇਸ਼ੀ ਵਿੱਚ ਚਲੀ ਗਈ ਹੈ। ਪੜਾਅ T2a ਵਿੱਚ, ਮਾਸਪੇਸ਼ੀ ਦੀ ਪਰਤ ਦੇ ਅੰਦਰੂਨੀ ਅੱਧੇ ਭਾਗ ਵਿੱਚ ਹੁੰਦੀ ਹੈ ਅਤੇ ਪੜਾਅ T2b ਵਿੱਚ ਇਹ ਬਾਹਰਲੇ ਅੱਧੇ ਭਾਗ ਵਿੱਚ ਹੁੰਦੀ ਹੈ।

T3 – ਰਸੌਲੀ ਵਧਕੇ ਬਲੈਡਰ ਦੀ ਮਾਸਪੇਸ਼ੀ ਦੇ ਆਲੇ-ਦੁਆਲੇ ਚਰਬੀਦਾਰ ਪਰਤ ਵਿੱਚ ਫੈਲ ਗਈ ਹੈ। ਜੇ ਇਸ ਫੈਲਾਅ ਨੂੰ ਸਿਰਫ਼ ਸੂਖਮਦਰਸ਼ੀ ਹੇਠ ਦੇਖਿਆ ਜਾਂਦਾ ਹੈ, ਤਾਂ ਰਸੌਲੀ T3a ਹੁੰਦੀ ਹੈ, ਪਰ ਜੇ ਇਸ ਨੂੰ ਸਕੈਨਾਂ ਵਿੱਚ ਦੇਖਿਆ ਜਾਂਦਾ ਹੈ ਜਾਂ ਮੁਆਇਨਾ ਕਰਨ ’ਤੇ ਮਹਿਸੂਸ ਕੀਤਾ ਜਾਂਦਾ ਹੈ ਤਾਂ ਇਹ T3b ਹੁੰਦੀ ਹੈ।

T4 – ਰਸੌਲੀ ਬਲੈਡਰ ਤੋਂ ਬਾਹਰ ਲਾਗਲੇ ਅੰਗਾਂ ਤੱਕ ਫੈਲ ਗਈ ਹੈ ​ ​(T4a) ਜਿਵੇਂ ਕਿ ਆਂਤੜੀ, ਪ੍ਰੋਸਟੇਟ, ਯੋਨੀ ਜਾਂ ​ ​ਪੇਡੂ ਨਾਲ ਜੁੜੀ ਹੋਈ (T4b)।

 

ਇਸ ਤੋਂ ਇਲਾਵਾ, ਨੋਡ (N) ਸ਼੍ਰੇਣੀ ਇਹ ਵਰਣਨ ਕਰਦੀ ਹੈ ਕਿ ਕੀ ਬਲੈਡਰ ਦਾ ਕੈਂਸਰ ਬਲੈਡਰ ਦੇ ਨੇੜੇ ਲਸਿਕਾ ਗ੍ਰੰਥੀਆਂ ਤੱਕ ਫੈਲ ਗਿਆ ਹੈ। ਜੇ ਇਹ ਫੈਲ ਗਿਆ ਹੈ, ਤਾਂ N ਸ਼੍ਰੇਣੀ ਇੰਨ-ਬਿੰਨ ਇਹ ਵਰਣਨ ਕਰਦੀ ਹੈ ਕਿ ਕਿਹੜੀਆਂ ਲਸਿਕਾ ਗ੍ਰੰਥੀਆਂ ਨੂੰ ਕੈਂਸਰ ਨੇ ਪ੍ਰਭਾਵਿਤ ਕੀਤਾ ਹੈ। N ਪੜਾਵਾਂ ਵਾਲੀ ਸ਼੍ਰੇਣੀ ਵਿੱਚ ਸ਼ਾਮਲ ਹਨ: NX, N0, N1, N2, ਅਤੇ N3.

ਮੈਟਾਸਟੈਟਿਸ (M) ਸ਼੍ਰੇਣੀ ਇਹ ਵਰਣਨ ਕਰਦੀ ਹੈ ਕਿ ਕੀ ਕੈਂਸਰ ਸਰੀਰ ਦੇ ਹੋਰ ਭਾਗਾਂ ਵਿਚਲੇ ਅੰਗਾਂ ਅਤੇ/ਜਾਂ ਲਸਿਕਾ ਗ੍ਰੰਥੀਆਂ ਤੱਕ ਫੈਲ ਗਿਆ ਹੈ ਜੋ ਬਲੈਡਰ ਤੋਂ ਮੁਕਾਬਲਤਨ ਵਧੇਰੇ ਦੂਰ ਹਨ। ਸ਼੍ਰੇਣੀ M1 ਦਾ ਮਤਲਬ ਇਹ ਹੈ ਕਿ ਕੈਂਸਰ ਸਰੀਰ ਦੇ ਦੂਰ ਵਾਲੇ ਭਾਗਾਂ ਤੱਕ ਫੈਲ ਗਿਆ ਹੈ ਅਤੇ M0 ਦਾ ਮਤਲਬ ਇਹ ਹੈ ਕਿ ਕੈਂਸਰ ਸਰੀਰ ਦੇ ਦੂਰ ਵਾਲੇ ਭਾਗਾਂ ਤੱਕ ਨਹੀਂ ਫੈਲਿਆ।

ਇਹ ਯਾਦ ਰੱਖੋ ਕਿ ਸਰਜਰੀ ਦੇ ਬਿਨਾਂ ਤੁਹਾਡੀ ਡਾਕਟਰੀ ਟੀਮ ਵਾਸਤੇ ਤੁਹਾਡੀ ਰਸੌਲੀ ਦੇ ਸਹੀ ਵਿਸਤਾਰ ਦਾ ਪਤਾ ਲਾਉਣਾ ਕੁਝ ਮੁਸ਼ਕਿਲ ਹੋ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ “ਕਲੀਨਿਕੀ ਪੜਾਅ” ਅਤੇ “ਰੋਗ-ਵਿਗਿਆਨਕ ਪੜਾਅ” ਵਿਚਕਾਰ ਅੰਤਰ ਹੋ ਸਕਦਾ ਹੈ।

TURBT “ਕਲੀਨਿਕੀ ਪੜਾਅ” ਦੀ ਪ੍ਰਕਿਰਿਆ ਦਾ ਭਾਗ ਹੈ, ਜੋ ਕਿ ਇਲਾਜ ਤੋਂ ਪਹਿਲਾਂ ਕੀਤੀ ਜਾਂਦੀ ਹੈ। ਕਲੀਨਿਕੀ ਪੜਾਅ ਵਿੱਚ ਇੱਕ ਸਰੀਰਕ ਮੁਆਇਨਾ, ਚਿੱਤਰ ਲੈਣ ਵਾਲੇ ਟੈਸਟ (ਜਿਵੇਂ ਕਿ CAT ਸਕੈਨ), ਪ੍ਰਯੋਗਸ਼ਾਲਾ ਟੈਸਟ (ਜਿਵੇਂ ਕਿ ਖੂਨ ਦੇ ਟੈਸਟ), ਅਤੇ ਬਾਇਓਪਸੀਆਂ (ਜਿਵੇਂ ਕਿ ਉਹ ਜੋ TURBT ਤੋਂ ਬਾਅਦ ਕੀਤੀਆਂ ਜਾਂਦੀਆਂ ਹਨ) ਵੀ ਸ਼ਾਮਲ ਹਨ। ਰੋਗ-ਵਿਗਿਆਨਕ ਪੜਾਅ ਦਾ ਪਤਾ ਬਲੈਡਰ ਨੂੰ ਸਰਜਰੀ ਨਾਲ ਬਾਹਰ ਕੱਢਣ (ਸਿਸਟੈਕਟਮੀ) ਤੋਂ ਬਾਅਦ ਪ੍ਰਯੋਗਸ਼ਾਲਾ ਵਿਸ਼ਲੇਸ਼ਣ ਰਾਹੀਂ ਲਾਇਆ ਜਾਂਦਾ ਹੈ।

ਸੰਪੂਰਨ ਪੜਾਅ ਵਿੱਚ ਕਲੀਨਿਕੀ ਪੜਾਅ ਅਤੇ ਸਰਜਰੀ ਵਾਲੇ ਨਤੀਜਿਆਂ ਦਾ ਸੁਮੇਲ ਕੀਤਾ ਜਾਂਦਾ ਹੈ।

ਕਈ ਵਾਰ ਕਿਸੇ ਬਾਇਓਪਸੀ ਨੂੰ ਤੁਹਾਡੇ ਸਰੀਰ ਦੇ ਕਿਸੇ ਹੋਰ ਭਾਗ ਤੋਂ ਲਿਆ ਜਾ ਸਕਦਾ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕੀ ਕਿਸੇ ਸਕੈਨ ’ਤੇ ਦਿਖਣ ਵਾਲੀ ਗੈਰ-ਸਾਧਾਰਨਤਾ ਬਲੈਡਰ ਕੈਂਸਰ ਤੋਂ ਹੈ, ਕਿਸੇ ਹੋਰ ਕਿਸਮ ਦੇ ਕੈਂਸਰ ਤੋਂ ਹੈ, ਜਾਂ ਕੋਈ ਪੂਰੀ ਤਰ੍ਹਾਂ ਵੱਖਰੀ ਚੀਜ਼ ਹੈ।

 

ਦਰਜਾ ਦੇਣਾ (Grading)

ਇਹ ਦਿਖਾਉਣ ਤੋਂ ਇਲਾਵਾ ਕਿ ਤੁਹਾਡਾ ਕੈਂਸਰ ਕਿਸ ਪੜਾਅ ’ਤੇ ਹੈ, ਕੀ ਤੁਹਾਡੀ TURBT ਤੋਂ ਬਾਅਦ ਰੋਗ-ਵਿਗਿਆਨਕ ਰਿਪੋਰਟ (pathology report) ਆਮ ਤੌਰ ’ਤੇ ਇਹ ਵੀ ਦਿਖਾਵੇਗੀ ਕਿ ਕੀ ਤੁਹਾਡੀ ਰਸੌਲੀ “ਉੱਚ ਦਰਜੇ” ਦੀ ਹੈ ਜਾਂ “ਨਿਮਨ ਦਰਜੇ” ਦੀ।

 

ਮਹੱਤਵਪੂਰਨ

ਰੋਗ-ਵਿਗਿਆਨਕ ਰਿਪੋਰਟ ਦੀ ਇੱਕ ਕਾਪੀ ਸਾਂਭ ਕੇ ਰੱਖੋ, ਜੋ ਤੁਹਾਨੂੰ ਤੁਹਾਡੀ ਰਸੌਲੀ ਦੇ ਦਰਜੇ ਅਤੇ ਪੜਾਅ ਬਾਰੇ ਦੱਸੇਗੀ (ਇਹ ਬਲੈਡਰ ਵਿੱਚ ਕਿੰਨ੍ਹੀ ਕੁ ਡੂੰਘਾਈ ਤੱਕ ਹੈ) ਪਰ ਇਹ ਨਹੀਂ ਦੱਸੇਗੀ ਕਿ ਕੈਂਸਰ ਹੋਰ ਕਿੱਥੇ ਹੈ ਜਾਂ ਹੋ ਸਕਦਾ ਹੈ।

ਇਹ ਪੰਨਾ ਪ੍ਰਿੰਟ ਕਰੋ →

icon-treatment

ਮੈਟਾਸਟੈਟਿਕ ਬਲੈਡਰ ਕੈਂਸਰ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਯੂਰੋਥੇਲੀਆਲ ਕੈਂਸਰ (ਜਿਸ ਨੂੰ ਟ੍ਰਾਂਜਿਸ਼ਨਲ ਸੈੱਲ ਕਾਰਸੀਨੋਮਾ ਵੀ ਕਿਹਾ ਜਾਂਦਾ ਹੈ) ਬਲੈਡਰ ਦੇ ਕੈਂਸਰ ਦੀ ਸਭ ਤੋਂ ਵੱਧ ਆਮ ਕਿਸਮ ਹੈ। ਮੈਟਾਸਟੈਟਿਕ ਯੂਰੋਥੈਲੀਆਲ ਕੈਂਸਰ ਵਾਸਤੇ ਮਿਆਰੀ ਸ਼ੁਰੂਆਤੀ (ਜਾਂ ਪਹਿਲੀ ਕਤਾਰ ਦਾ) ਇਲਾਜ ਕੀਮੋਥੈਰੇਪੀ ਹੈ, ਜੋ ਸਿਸਪਲਾਟਿਨ (Cisplatin) ’ਤੇ ਆਧਾਰਿਤ ਕੈਂਸਰ-ਵਿਰੋਧੀ ਦਵਾਈਆਂ ਦੇ ਸੁਮੇਲ ਦੀ ਵਰਤੋਂ ਕਰਕੇ ਦਿੱਤਾ ਜਾਂਦਾ ਹੈ, ਜੋ ਮੈਟਾਸਟੈਟਿਕ ਬਲੈਡਰ ਕੈਂਸਰ ਦੇ ਇਲਾਜ ਵਿੱਚ ਵਰਤੀ ਜਾਂਦੀ ਸਭ ਤੋਂ ਵੱਧ ਆਮ ਦਵਾਈ ਹੈ।

ਸਿਸਪਲਾਟਿਨ ਇੱਕ ਪਲਾਟੀਨਮ-ਆਧਾਰਿਤ ਦਵਾਈ ਹੈ ਜੋ ਕੈਂਸਰ ਦੇ ਸੈੱਲਾਂ ਦੇ DNA ਨੂੰ ਨੁਕਸਾਨ ਪਹੁੰਚਾਉਣ ਦੁਆਰਾ ਅਤੇ ਉਹਨਾਂ ਦੇ ਵਿਭਾਜਨ ਨੂੰ ਰੋਕਣ ਦੁਆਰਾ ਉਹਨਾਂ ਨੂੰ ਮਾਰਦੀ ਹੈ। ਖੁਰਾਕ ’ਤੇ ਨਿਰਭਰ ਕਰਨ ਅਨੁਸਾਰ, ਸਿਸਪਲਾਟਿਨ ਨਸਾਂ, ਕੰਨ ਦੇ ਅੰਦਰਲੇ ਭਾਗ ਅਤੇ ਗੁਰਦਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਜੇ ਤੁਸੀਂ ਡਾਕਟਰੀ ਤੌਰ ’ਤੇ ਫਿੱਟ ਹੋ ਤਾਂ ਤੁਸੀਂ ਇਸ ਕਿਸਮ ਦੀ ਕੀਮੋਥੈਰੇਪੀ ਵਾਸਤੇ ਯੋਗ ਹੋ। ਡਾਕਟਰੀ ਤੌਰ ’ਤੇ ਫਿੱਟ ਸਮਝੇ ਜਾਣ ਵਿੱਚ ਕਈ ਕਾਰਕਾਂ ਦਾ ਮੁਲਾਂਕਣ ਸ਼ਾਮਲ ਹੁੰਦਾ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਗੁਰਦੇ ਦਾ ਪ੍ਰਕਾਰਜ
  • ਦਿਲ ਦਾ ਪ੍ਰਕਾਰਜ
  • ਪ੍ਰਦਰਸ਼ਨ ਸਥਿਤੀ (ਇੱਕ ਸਕੋਰ ਜੋ ਹੋਰਨਾਂ ਦੀ ਮਦਦ ਤੋਂ ਬਗੈਰ ਰੋਜ਼ਾਨਾ ਰਹਿਣ-ਸਹਿਣ ਦੀਆਂ ਕੁਝ ਖਾਸ ਕਿਰਿਆਵਾਂ ਕਰਨ ਦੀ ਤੁਹਾਡੀ ਯੋਗਤਾ ਦਾ ਅੰਦਾਜ਼ਾ ਲਾਉਂਦਾ ਹੈ)
  • ਸੁਣਨ-ਸ਼ਕਤੀ ਦੀ ਸਮਰੱਥਾ
  • ਮੌਜੂਦਾ ਪੈਰੀਫੈਰਲ ਨਿਊਰੋਪੈਥੀ (ਪੈਰੀਫੈਰਲ ਨਿਊਰੋਪੈਥੀ (peripheral neuropathy) ਨਸਾਂ ਨੂੰ ਹੋਇਆ ਇੱਕ ਕਿਸਮ ਦਾ ਨੁਕਸਾਨ ਹੁੰਦਾ ਹੈ ਜੋ ਆਮ ਤੌਰ ’ਤੇ ਦਰਦ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਵਿੱਚ ਸੁੰਨੇਪਣ ਜਾਂ ਕੀੜੀਆਂ ਲੜਨ ਦੇ ਅਹਿਸਾਸ ਦਾ ਕਾਰਨ ਬਣਦਾ ਹੈ, ਪਰ ਇਹ ਪ੍ਰਗਤੀ ਕਰਕੇ ਉੱਪਰਲੇ ਅੰਗਾਂ ਵੱਲ ਵਧ ਸਕਦਾ ਹੈ ਅਤੇ ਪੈਰਾਂ ਅਤੇ ਲੱਤਾਂ, ਹੱਥਾਂ ਅਤੇ ਬਾਂਹਵਾਂ ਨੂੰ ਆਪਣੀ ਚਪੇਟ ਵਿੱਚ ਲੈ ਸਕਦਾ ਹੈ)
  • ਹੋਰ ਕਾਰਕ ਜਿਨ੍ਹਾਂ ਨੂੰ ਤੁਹਾਡੀ ਡਾਕਟਰੀ ਟੀਮ ਅਹਿਮ ਸਮਝ ਸਕਦੀ ਹੈ

ਪ੍ਰਗਤੀ ਕਰ ਚੁੱਕੇ ਯੂਰੋਥੈਲੀਆਲ ਕੈਂਸਰ ਵਾਲੇ ਪੰਜਾਹ ਪ੍ਰਤੀਸ਼ਤ ਲੋਕ ਸਿਸਪਲਾਟਿਨ-ਆਧਾਰਿਤ ਕੀਮੋਥੈਰੇਪੀ ਵਾਸਤੇ ਯੋਗ ਨਹੀਂ ਹਨ, ਇਸ ਲਈ ਬਦਲਵੇਂ ਇਲਾਜ ਵਿਕਲਪਾਂ ਨੂੰ ਵਿਚਾਰਿਆ ਜਾਂਦਾ ਹੈ।

ਇਹਨਾਂ ਵਿੱਚ ਕਾਰਬੋਪਲਾਟਿਨ, ਜਾਂ ਗੈਰ-ਪਲਾਟੀਨਮ-ਆਧਾਰਿਤ ਦਵਾਈਆਂ ਦੇ ਸੁਮੇਲ ਸ਼ਾਮਲ ਹੋ ਸਕਦੇ ਹਨ, ਜਿਵੇਂ ਕਿ ਜੈੱਮਸੀਟਾਬੀਨ (gemcitabine), ਡੋਸੀਟੈਕਸਲ (docetaxel) ਜਾਂ ਪੈਕਲੀਟੈਕਸਲ (paclitaxel)। ਉਹਨਾਂ ਮਰੀਜ਼ਾਂ ਵਿੱਚ ਜੋ ਸਿਸਪਲਾਟਿਨ ਵਾਸਤੇ ਯੋਗ ਨਹੀਂ ਹਨ, ਈਮਿਊਨੋਥੈਰੇਪੀ ਲਾਭਦਾਇਕ ਹੋ ਸਕਦੀ ਹੈ, ਪਰ ਇਸ ਵਾਸਤੇ ਹੋਰ ਅਧਿਐਨ ਦੀ ਲੋੜ ਹੈ ਅਤੇ ਇਸ ਨੂੰ ਕੈਨੇਡਾ ਵਿੱਚ ਇਸ ਸੈਟਿੰਗ ਵਿੱਚ ਅਜੇ ਮਨਜ਼ੂਰ ਨਹੀਂ ਕੀਤਾ ਗਿਆ।

ਵਧੇਰੇ ਵੇਰਵਿਆਂ ਵਾਸਤੇ ਈਮਿਊਨੋਥੈਰੇਪੀ ਬਾਰੇ ਸੈਕਸ਼ਨ ਦੇਖੋ।

 

ਕੀਮੋਥੈਰੇਪੀ ਦੇ ਅਣਚਾਹੇ ਅਸਰ

ਕੀਮੋਥੈਰੇਪੀ ਦੇ ਕੁਝ ਆਮ ਅਣਚਾਹੇ ਅਸਰਾਂ ਵਿੱਚ ਸ਼ਾਮਲ ਹਨ ਥਕਾਵਟ, ਲਾਗ ਦਾ ਵਧਿਆ ਹੋਇਆ ਜੋਖ਼ਮ ਅਤੇ ਖੂਨ ਵਗਣਾ; ਸੁਣਨ ਸੰਬੰਧੀ ਸਮੱਸਿਆਵਾਂ; ਆਂਤੜੀ ਵਿੱਚ ਤਬਦੀਲੀਆਂ; ਗੁਰਦੇ ਦਾ ਘਟਿਆ ਹੋਇਆ ਪ੍ਰਕਾਰਜ; ਹੱਥਾਂ ਪੈਰਾਂ ਦੀਆਂ ਨਸਾਂ ਨੂੰ ਨੁਕਸਾਨ, ਕੀੜੀਆਂ ਲੜਨ ਅਤੇ ਸੁੰਨ ਹੋਣ ਦਾ ਅਹਿਸਾਸ (ਨਿਊਰੋਪੈਥੀ), ਵਾਲ਼ਾਂ ਦਾ ਪਤਲੇ ਹੋਣਾ ਜਾਂ ਝੜਨਾ; ਚਮੜੀ ਦੀ ਰਕਤ-ਪਿੱਤੀ; ਭਾਰ ਵਿੱਚ ਤਬਦੀਲੀਆਂ; ਅਨੀਮੀਆ (ਲਾਲ ਰਕਤਾਣੂੰਆਂ ਦੀ ਗਿਣਤੀ ਵਿੱਚ ਕਮੀ); ਅਤੇ ਥਰੋਮਬੋਸਾਈਟੋਪੀਨੀਆ (ਪਲੇਟਲੈੱਟ ਸੈੱਲਾਂ ਦਾ ਘਟਣਾ ਜਿਸ ਕਰਕੇ ਖੂਨ ਵਗਣ ਦਾ ਜੋਖ਼ਮ ਪੈਦਾ ਹੋ ਜਾਂਦਾ ਹੈ)।

ਥੋੜ੍ਹਾ ਜਿਹਾ ਜੋਖ਼ਮ ਲਹੂ ਵਹਿਣੀਆਂ ਵਿੱਚ ਖੂਨ ਦੇ ਗਤਲੇ ਵਿਕਸਿਤ ਹੋਣ ਦਾ ਵੀ ਹੈ। ਕੀਮੋਥੈਰੇਪੀ ਨਾਲ ਜੀਅ ਮਤਲਾਉਣਾ ਅਤੇ ਉਲਟੀ ਆਉਣਾ ਵਾਪਰ ਸਕਦੇ ਹਨ, ਹਾਲਾਂਕਿ ਇਸ ਵਿੱਚ ਮਦਦ ਕਰਨ ਲਈ ਬਹੁਤ ਵਧੀਆ ਸਹਾਇਤਾਕਾਰੀ ਦਵਾਈਆਂ ਉਪਲਬਧ ਹਨ ਅਤੇ ਇਹਨਾਂ ਲੱਛਣਾਂ ਨੂੰ ਆਮ ਤੌਰ ’ਤੇ ਬਹੁਤ ਚੰਗੀ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਹੈ।

ਤੁਹਾਡੀ ਕੈਂਸਰ ਦੇਖਭਾਲ ਟੀਮ ਕੀਮੋਥੈਰੇਪੀ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਅਣਚਾਹੇ ਅਸਰਾਂ ਦੀ ਸਮੀਖਿਆ ਕਰੇਗੀ। ਜੇ ਤੁਸੀਂ ਇਹਨਾਂ ਅਣਚਾਹੇ ਅਸਰਾਂ ਨੂੰ ਅਨੁਭਵ ਕਰ ਰਹੇ ਹੋ ਤਾਂ ਤੁਹਾਨੂੰ ਆਪਣੀ ਕੈਂਸਰ ਦੇਖਭਾਲ ਟੀਮ ਨਾਲ ਸੰਪਰਕ ਕਰਨਾ ਚਾਹੀਦਾ ਹੈ। ਹਾਲਾਂਕਿ, ਤੁਹਾਨੂੰ ਅਤੀ ਜ਼ਰੂਰੀ ਚਿੰਤਾਵਾਂ ਵਾਸਤੇ ਤੁਰੰਤ ਮਦਦ ਮੰਗਣੀ ਚਾਹੀਦੀ ਹੈ ਜਿਨ੍ਹਾਂ ਵਿੱਚ ਸ਼ਾਮਲ ਹੈ ਬੁਖਾਰ ਹੋਣਾ (ਆਪਣੀ ਡਾਕਟਰੀ ਟੀਮ ਨੂੰ ਪੁੱਛੋ ਕਿ ਇਸ ਪ੍ਰਸਥਿਤੀ ਵਿੱਚ ਉਹ “ਬੁਖਾਰ” ਨੂੰ ਕਿਵੇਂ ਪ੍ਰਭਾਸ਼ਿਤ ਕਰਦੇ ਹਨ), ਕਿਸੇ ਐਲਰਜੀ ਵਾਲੀ ਪ੍ਰਤੀਕਿਰਿਆ ਦੇ ਚਿੰਨ੍ਹ ਅਤੇ ਲੱਛਣ, ਜੀਅ ਮਤਲਾਉਣਾ ਜੋ ਠੀਕ ਨਹੀਂ ਹੋਇਆ, ਉਲਟੀ ਆਉਣਾ ਅਤੇ ਦਸਤ ਅਤੇ ਖੂਨ ਵਗਣ ਦੇ ਕੋਈ ਚਿੰਨ੍ਹ।

 

ਜਦ ਸ਼ੁਰੂਆਤੀ ਇਲਾਜ ਕੰਮ ਨਹੀਂ ਕਰਦਾ

ਹਾਲਾਂਕਿ ਕਈ ਮਰੀਜ਼ ਉਹਨਾਂ ਸ਼ੁਰੂਆਤੀ ਇਲਾਜਾਂ ਪ੍ਰਤੀ ਹੁੰਗਾਰਾ ਭਰਨਗੇ ਜਿਨ੍ਹਾਂ ਬਾਰੇ ਅਸੀਂ ਵਿਚਾਰ-ਵਟਾਂਦਰਾ ਕਰਦੇ ਆ ਰਹੇ ਹਾਂ, ਪਰ ਸਾਰੇ ਮਰੀਜ਼ਾਂ ਵਿੱਚ ਇਹ ਕੰਮ ਨਹੀਂ ਕਰਦਾ। ਕੁਝ ਮਰੀਜ਼ਾਂ ਵਿੱਚ, ਸ਼ੁਰੂਆਤੀ ਇਲਾਜ ਤੋਂ ਬਾਅਦ ਬਿਮਾਰੀ ਆਖਰਕਾਰ ਪ੍ਰਗਤੀ ਕਰ ਸਕਦੀ ਹੈ ਅਤੇ ਫੇਰ ਸੈਕੰਡਰੀ (“ਦੂਜੀ-ਕਤਾਰ” ਦੀ ਜਾਂ ਵਾਧੂ) ਚਿਕਿਤਸਾ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ।

ਸੈਕੰਡਰੀ ਇਲਾਜ ਵਜੋਂ ਤੁਹਾਨੂੰ ਈਮਿਊਨੋਥੈਰੇਪੀ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਜੇ ਪਲਾਟੀਨਮ-ਆਧਾਰਿਤ ਕੀਮੋਥੈਰੇਪੀ ਪ੍ਰਾਪਤ ਕਰਨ ਦੇ ਬਾਵਜੂਦ ਬਿਮਾਰੀ ਪ੍ਰਗਤੀ ਕਰ ਗਈ ਹੈ। (ਵਧੇਰੇ ਵੇਰਵਿਆਂ ਵਾਸਤੇ ਈਮਿਊਨੋਥੈਰੇਪੀ ਬਾਰੇ ਸੈਕਸ਼ਨ ਦੇਖੋ।)

ਜੇ ਤੁਸੀਂ ਈਮਿਊਨੋਥੈਰੇਪੀ ਵਾਸਤੇ ਕੋਈ ਉਮੀਦਵਾਰ ਨਹੀਂ ਹੋ ਜਾਂ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਬਲੈਡਰ ਦਾ ਕੈਂਸਰ ਈਮਿਊਨੋਥੈਰੇਪੀ ਦੌਰਾਨ ਜਾਂ ਇਸ ਤੋਂ ਬਾਅਦ ਹੋਰ ਪ੍ਰਗਤੀ ਕਰ ਜਾਂਦਾ ਹੈ ਤਾਂ ਤੁਹਾਨੂੰ ਸੈਕੰਡਰੀ ਕੀਮੋਥੈਰੇਪੀ ਦੀ ਪੇਸ਼ਕਸ਼ ਕੀਤੀ ਜਾਵੇਗੀ। ਕਿਸੇ ਵੀ ਇੱਕ ਦੂਜੀ-ਕਤਾਰ ਦੀ ਕੀਮੋਥੈਰੇਪੀ ਯੋਜਨਾ ਨੂੰ ਮਿਆਰੀ ਸੈਕੰਡਰੀ ਚਿਕਿਤਸਾ ਨਹੀਂ ਮੰਨਿਆ ਜਾਂਦਾ, ਇਸ ਲਈ ਤੁਹਾਡਾ ਕੈਂਸਰ-ਮਾਹਰ ਡਾਕਟਰ (oncologist) ਤੁਹਾਡੇ ਨਾਲ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰੇਗਾ।

ਇਹ ਪੰਨਾ ਪ੍ਰਿੰਟ ਕਰੋ →

ਬਲੈਡਰ ਦੇ ਕੈਂਸਰ ਵਾਸਤੇ ਈਮਿਊਨੋਥੈਰੇਪੀ

ਈਮਿਊਨੋਥੈਰੇਪੀ ਕੈਂਸਰ ਦੇ ਸੈੱਲਾਂ ’ਤੇ ਹਮਲਾ ਕਰਨ ਅਤੇ ਮਾਰਨ ਵਾਸਤੇ ਸਰੀਰ ਦੀ ਪ੍ਰਤੀਰੱਖਿਆ ਨੂੰ ਉਤੇਜਿਤ ਕਰਦੀ ਹੈ। ਬਲੈਡਰ ਦੇ ਕੈਂਸਰ ਦਾ ਇਲਾਜ ਕਰਨ ਲਈ ਦੋ ਕਿਸਮਾਂ ਦੀ ਈਮਿਊਨੋਥੈਰੇਪੀ ਦੀ ਵਰਤੋਂ ਕੀਤੀ ਜਾਂਦੀ ਹੈ:

  • ਕੈਂਸਰ ਦੀਆਂ ਵੈਕਸੀਨਾਂ – ਬੈਸਿਲਸ ਕਾਲਮੈਟੀ–ਗੁਏਰੀਨ (BCG) ਵੈਕਸੀਨ ਨੂੰ ਗੈਰ-ਮਾਸਪੇਸ਼ੀ-ਧਾਵਕ (ਬਾਹਰੀ) ਬਲੈਡਰ ਕੈਂਸਰ ਦਾ ਇਲਾਜ ਕਰਨ ਲਈ ਅੰਤਰ-ਬਲੈਡਰ (ਪਿਸ਼ਾਬ ਮਾਰਗ ਰਾਹੀਂ ਬਲੈਡਰ ਦੇ ਅੰਦਰ) ਦਿੱਤਾ ਜਾਂਦਾ ਹੈ। ਇਹ ਜਿੰਦਾ ਬੈਕਟੀਰੀਆ ਹੁੰਦਾ ਹੈ ਜੋ ਪ੍ਰਤੀਰੋਧਤਾ ਸੈੱਲਾਂ ਨੂੰ ਆਕਰਸ਼ਿਤ ਕਰਦਾ ਹੈ, ਜੋ ਫੇਰ ਕੈਂਸਰ ਦੇ ਸੈੱਲਾਂ ਹਮਲਾ ਕਰਦੇ ਹਨ।
  • ਈਮਿਊਨ ਚੈੱਕਪੁਆਇੰਟ ਇਨਹਿਬਿਟਰ – ਇਸ ਕਿਸਮ ਦੀ ਈਮਿਊਨੋਥੈਰੇਪੀ ਪ੍ਰਤੀਰੋਧਤਾ ਸੈੱਲਾਂ ਨੂੰ ਕੈਂਸਰ ਵਾਲੇ ਸੈੱਲਾਂ ’ਤੇ ਹਮਲਾ ਕਰਨ ਦੀ ਇਜਾਜ਼ਤ ਦੇਕੇ, ਪ੍ਰਤੀਰੋਧਤਾ ਪ੍ਰਣਾਲੀ ਨੂੰ ਉਤੇਜਿਤ ਕਰਨ ਦੁਆਰਾ ਕੰਮ ਕਰਦੀ ਹੈ। ਈਮਿਊਨ ਚੈੱਕਪੁਆਇੰਟ ਇਨਹਿਬਿਟਰ ਉਹਨਾਂ ਦਵਾਈਆਂ ਦੀਆਂ ਕਿਸਮਾਂ ਹਨ ਜੋ ਕੁਝ ਕਿਸਮਾਂ ਦੇ ਪ੍ਰਤੀਰੋਧਤਾ ਸੈੱਲਾਂ, ਜਿਵੇਂ ਕਿ T ਸੈੱਲਾਂ, ਅਤੇ ਕੁਝ ਕੈਂਸਰ ਦੇ ਸੈੱਲਾਂ ਦੀ ਸਤਹ ਉੱਤੇ ਕੁਝ ਵਿਸ਼ੇਸ਼ ਪ੍ਰੋਟੀਨਾਂ ਨੂੰ ਬਲੌਕ ਕਰ ਦਿੰਦੀਆਂ ਹਨ।

ਇਹ ਪ੍ਰੋਟੀਨ ਪ੍ਰਤੀਰੋਧਤਾ ਪ੍ਰਤੀਕਿਰਿਆਵਾਂ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦੇ ਹਨ ਅਤੇ T ਸੈੱਲਾਂ ਨੂੰ ਕੈਂਸਰ ਵਾਲੇ ਸੈੱਲ ਮਾਰਨ ਤੋਂ ਰੋਕ ਸਕਦੇ ਹਨ। ਜਦ ਇਹ ਪ੍ਰੋਟੀਨ ਬਲੌਕ ਕਰ ਦਿੱਤੇ ਜਾਂਦੇ ਹਨ, ਤਾਂ ਪ੍ਰਤੀਰੋਧਤਾ ਪ੍ਰਣਾਲੀ ਉੱਤੇ “ਬਰੇਕ” ਰਿਲੀਜ਼ ਕਰ ਦਿੱਤੇ ਜਾਂਦੇ ਹਨ ਅਤੇ T ਸੈੱਲ ਕੈਂਸਰ ਸੈੱਲਾਂ ਨੂੰ ਬਿਹਤਰ ਤਰੀਕੇ ਨਾਲ ਮਾਰਨ ਦੇ ਯੋਗ ਹੋ ਜਾਂਦੇ ਹਨ।

ਇਹ ਦਵਾਈਆਂ ਨਸ ਰਾਹੀਂ, ਰਵਾਇਤੀ ਤੌਰ ’ਤੇ ਹਰ ਦੋ ਤੋਂ ਚਾਰ ਹਫਤੇ ਬਾਅਦ ਦਿੱਤੀਆਂ ਜਾਂਦੀਆਂ ਹਨ। ਈਮਿਊਨੋਥੈਰੇਪੀ ਦਵਾਈਆਂ ਬਾਰੇ ਖੋਜ ਅਤੇ ਇਹਨਾਂ ਦੀਆਂ ਕਲੀਨਿਕੀ ਪਰਖਾਂ ਅਤੇ ਕੈਨੇਡਾ ਵਿੱਚ ਇਹਨਾਂ ਦੀ ਵਰਤੋਂ ਬਾਰੇ ਮਨਜ਼ੂਰੀਆਂ ਦਾ ਕੰਮ ਚੱਲ ਰਿਹਾ ਹੈ।

ਕਿਰਪਾ ਕਰਕੇ ਆਪਣੇ ਕੈਂਸਰ-ਮਾਹਰ ਡਾਕਟਰ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕਰੋ ਕਿਹੜੀਆਂ ਈਮਿਊਨੋਥੈਰੇਪੀ ਦਵਾਈਆਂ ਵਰਤਮਾਨ ਸਮੇਂ ਉਪਬਲਧ ਹਨ ਅਤੇ ਤੁਹਾਡਾ ਕੈਂਸਰ-ਮਾਹਰ ਡਾਕਟਰ ਕਿਹੜੀਆਂ ਦਵਾਈਆਂ ਦੀ ਵਰਤੋਂ ਕਰਦਾ ਹੈ। ਦਵਾਈਆਂ, ਈਮਿਊਨੋਥੈਰੇਪੀ ਦੀਆਂ ਖੁਰਾਕਾਂ ਅਤੇ ਸਮਾਂ-ਸਾਰਣੀਆਂ ਦੀ ਯੋਜਨਾ ਬਣਾਉਣ ਲਈ, ਤੁਹਾਡੀ ​ਸਿਹਤ-ਸੰਭਾਲ​ ਟੀਮ ਤੁਹਾਡੀਆਂ ਨਿੱਜੀ ਲੋੜਾਂ ’ਤੇ ਵਿਚਾਰ-ਵਟਾਂਦਰਾ ਕਰੇਗੀ।

 

ਈਮਿਊਨੋਥੈਰੇਪੀ ਦੇ ਅਣਚਾਹੇ ਅਸਰ

ਇਹਨਾਂ ਦਵਾਈਆਂ ਦੇ ਅਣਚਾਹੇ ਅਸਰਾਂ ਵਿੱਚ ਥਕਾਵਟ, ਭੁੱਖ ਵਿੱਚ ਕਮੀ, ਐਲਰਜੀ ਵਾਲੀ ਪ੍ਰਤੀਕਿਰਿਆ, ਚਮੜੀ ਦੀਆਂ ਰਕਤ-ਪਿੱਤੀਆਂ ਅਤੇ ਖਾਰਿਸ਼ਦਾਰ ਚਮੜੀ ਸ਼ਾਮਲ ਹਨ। ਕਿਉਂਕਿ ਇਹ ਦਵਾਈਆਂ ਸਰੀਰ ਦੀ ਪ੍ਰਤੀਰੋਧਤਾ ਪ੍ਰਣਾਲੀ ਉੱਤੇ “ਬਰੇਕਾਂ” ਹਟਾਉਣ ਦੁਆਰਾ ਕੰਮ ਕਰਦੀਆਂ ਹਨ, ਇਸ ਲਈ ਇਹ ਸਰੀਰ ਵਿੱਚ ਕਿਸੇ ਸਾਧਾਰਨ ਟਿਸ਼ੂ ਦੀ ਜਲੂਣ ਦਾ ਕਾਰਨ ਵੀ ਬਣ ਸਕਦੀਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ ਪ੍ਰਤੀਰੋਧਤਾ ਪ੍ਰਣਾਲੀ ਸਰੀਰ ਦੇ ਹੋਰ ਭਾਗਾਂ ’ਤੇ ਹਮਲਾ ਕਰਨਾ ਸ਼ੁਰੂ ਕਰ ਸਕਦੀ ਹੈ, ਜੋ ਫੇਫੜਿਆਂ, ਆਂਤੜੀਆਂ, ਜਿਗਰ, ਹਾਰਮੋਨ ਬਣਾਉਣ ਵਾਲੇ ਗਦੂਦਾਂ (glands) ਜਾਂ ਹੋਰ ਅੰਗਾਂ ਵਿੱਚ ਗੰਭੀਰ ਜਾਂ ਏਥੋਂ ਤੱਕ ਕਿ ਜੀਵਨ ਲਈ ਘਾਤਕ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਈਮਿਊਨ ਚੈੱਕਪੁਆਇੰਟ ਇਨਹਿਬਿਟਰ ਦੇ ਨਾਲ ਇਲਾਜ ਦੇ ਦੌਰਾਨ ਜਾਂ ਇਸ ਤੋਂ ਬਾਅਦ, ਆਪਣੀ ​ਸਿਹਤ-ਸੰਭਾਲ​ ਟੀਮ ਨੂੰ ਕਿਸੇ ਵੀ ਨਵੇਂ ਅਣਚਾਹੇ ਅਸਰਾਂ ਦੀ ਤੁਰੰਤ ਰਿਪੋਰਟ ਕਰਨਾ ਬਹੁਤ ਮਹੱਤਵਪੂਰਨ ਹੈ। ਜੇ ਗੰਭੀਰ ਅਣਚਾਹੇ ਅਸਰ ਵਾਪਰ ਹੀ ਜਾਂਦੇ ਹਨ, ਤਾਂ ਇਲਾਜ ਨੂੰ ਰੋਕਣ ਜਾਂ ਬੰਦ ਕਰਨ ਦੀ ਲੋੜ ਪੈ ਸਕਦੀ ਹੈ ਅਤੇ ਤੁਹਾਡੀ ਪ੍ਰਤੀਰੋਧਤਾ ਪ੍ਰਣਾਲੀ ਨੂੰ ਦਬਾਉਣ ਲਈ ਤੁਹਾਨੂੰ ਕੋਰਟੀਕੋਸਟੀਰੌਇਡ ਦਵਾਈਆਂ (​ਮਨੁੱਖ ਵੱਲੋਂ ਨਿਰਮਿਤ ਦਵਾਈਆਂ ਜੋ ਕੋਰਟੀਸੋਲ ਨਾਲ ਬਹੁਤ ਨੇੜੇ ਤੋਂ ਮੇਲ਼ ਖਾਂਦੀਆਂ ਹਨ, ਜੋ ਇੱਕ ਅਜਿਹਾ ਹਾਰਮੋਨ ਹੈ ਜਿਸ ਨੂੰ ਤੁਹਾਡੇ ਐਡਰੀਨਲ ਗਦੂਦਾਂ ਵੱਲੋਂ ਕੁਦਰਤੀ ਤੌਰ ’ਤੇ ਪੈਦਾ ਕੀਤਾ ਜਾਂਦਾ ਹੈ​) ਦੀਆਂ ਉੱਚ ਖੁਰਾਕਾਂ ਦਿੱਤੀਆਂ ਜਾ ਸਕਦੀਆਂ ਹਨ।

ਇਹਨਾਂ ਅਣਚਾਹੇ ਅਸਰਾਂ ਦੀ ਤੁਰੰਤ ਪਛਾਣ ਅਤੇ ਇਲਾਜ ਸਮੁੱਚੀ ਤੀਬਰਤਾ ਅਤੇ ਮਿਆਦ ਨੂੰ ਘੱਟ ਕਰ ਸਕਦਾ ਹੈ, ਇਸ ਲਈ ਕਿਸੇ ਵੀ ਨਵੇਂ ਜਾਂ ਗੈਰ-ਸਾਧਾਰਨ ਅਣਚਾਹੇ-ਅਸਰਾਂ ਦੀ ਰਿਪੋਰਟ ਆਪਣੀ ਦੇਖਭਾਲ ਟੀਮ ਕੋਲ ਛੇਤੀ ਤੋਂ ਛੇਤੀ ਕਰਨਾ ਅਹਿਮ ਹੈ।​​​​​

ਹੋ ਸਕਦਾ ਹੈ ਈਮਿਊਨੋਥੈਰੇਪੀ ਦੀ ਸਿਫਾਰਸ਼ ਸਾਰੇ ਮਰੀਜ਼ਾਂ ਨੂੰ ਨਾ ਕੀਤੀ ਜਾਵੇ। ਈਮਿਊਨੋਥੈਰੇਪੀ ਨੂੰ ਹੋਰ ਇਲਾਜਾਂ ਦੇ ਨਾਲ ਸੁਮੇਲ ਵਿੱਚ ਵੀ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਸਰਜਰੀ, ਰੇਡੀਏਸ਼ਨ ਜਾਂ ਕੀਮੋਥੈਰੇਪੀ। ਇਹ ਵਰਤੋਂ ਵਰਤਮਾਨ ਸਮੇਂ ਸਿਰਫ਼ ਕਲੀਨਿਕੀ ਪਰਖਾਂ ਤੱਕ ਹੀ ਸੀਮਤ ਹੈ।

​​​​​

ਰੇਡੀਓਚਿਕਿਤਸਾ

ਤੁਹਾਡੇ ਮੈਟਾਸਟੈਟਿਕ ਬਲੈਡਰ ਕੈਂਸਰ ਦਾ ਪ੍ਰਬੰਧਨ ਕਰਨ ਲਈ ਰੇਡੀਓਚਿਕਿਤਸਾ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਇਸ ਦੀ ਪੇਸ਼ਕਸ਼ ਕਈ ਕਾਰਨਾਂ ਕਰਕੇ ਕੀਤੀ ਜਾ ਸਕਦੀ ਹੈ, ਜਿਸ ਵਿੱਚ ਸ਼ਾਮਲ ਹੈ ਉਸ ਸਮੇਂ ਦਰਦ ਨੂੰ ਘੱਟ ਕਰਨਾ ਜਦ ਕੈਂਸਰ ਹੱਡੀਆਂ ਤੱਕ ਫੈਲ ਗਿਆ ਹੈ (ਹੱਡੀ ਦੇ ਮੈਟਾਸਟੈਸਿਸ) ਅਤੇ ਪਿਸ਼ਾਬ ਮਾਰਗ ਦੇ ਲੱਛਣਾਂ ਜਾਂ ਖੂਨ ਵਗਣ ਨੂੰ ਘੱਟ ਕਰਨ ਲਈ।

​​​​​

ਹੱਡੀ ਦੇ ਮੈਟਾਸਟੈਸਿਸਾਂ ਦਾ ਇਲਾਜ

ਜੇ ਤੁਹਾਨੂੰ ਹੱਡੀ ਦੇ ਮੈਟਾਸਟੈਸਿਸ ਹਨ ਤਾਂ ਤੁਹਾਨੂੰ ਬਿਸਫਾਸਫੋਨੇਟਾਂ (bisphosphonates) ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਬਿਸਫਾਸਫੋਨੇਟ ਦਵਾਈਆਂ ਦੀ ਇੱਕ ਕਿਸਮ (ਜਾਂ ਸ਼੍ਰੇਣੀ) ਹਨ ਜੋ ਹੱਡੀ ਦੀ ਘਣਤਾ ਦੀ ਹਾਨੀ ਦੀ ਰੋਕਥਾਮ ਕਰਦੀਆਂ ਹਨ ਅਤੇ ਹੱਡੀ ਦੇ ਮੈਟਾਸਟੈਸਿਸ ਦੇ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਇਹ ਇਲਾਜ ਪਿੰਜਰ-ਸੰਬੰਧਿਤ ਘਟਨਾਵਾਂ (ਜਿਵੇਂ ਹੱਡੀ ਦਾ ਟੁੱਟਣਾ ਅਤੇ ਰੀੜ੍ਹ ਦੀ ਹੱਡੀ ਦਾ ਨਪੀੜਨ) ਨੂੰ ਘਟਾਉਂਦਾ ਹੈ, ਸਰੀਰ ਵਿੱਚ ਕੈਲਸ਼ੀਅਮ ਦੇ ਵਧੇ ਹੋਏ ਪੱਧਰਾਂ ਦਾ ਪ੍ਰਬੰਧਨ ਕਰਦਾ ਹੈ, ਅਤੇ ਹੱਡੀ ਦੇ ਮੈਟਾਸਟੈਸਿਸਾਂ ਨਾਲ ਸੰਬੰਧਿਤ ਦਰਦ ਦਾ ਪ੍ਰਬੰਧਨ ਵੀ ਕਰਦਾ ਹੈ।

​​​​​

ਮਹੱਤਵਪੂਰਨ

ਮੈਟਾਸਟੈਟਿਕ ਬਲੈਡਰ ਕੈਂਸਰ ਦੀ ਤਸ਼ਖੀਸ ਚੁਣੌਤੀਪੂਰਨ ਹੋ ਸਕਦੀ ਹੈ। ਇਹ ਅਹਿਮ ਹੈ ਕਿ ਤੁਸੀਂ ਸਹਾਇਤਾ ਵਾਸਤੇ ਪੁੱਛੋ ਅਤੇ ਇੱਕ ਸਿਹਤਮੰਦ ਜੀਵਨਸ਼ੈਲੀ ਬਰਕਰਾਰ ਰੱਖੋ।

ਤੁਹਾਡੇ ਇਲਾਜ ਦੇ ਹਰ ਪੜਾਅ ’ਤੇ ਬਕਾਇਦਾ ਕਸਰਤ ਅਹਿਮ ਹੈ ਅਤੇ ਇਸ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਕੈਂਸਰ ਅਤੇ ਇਲਾਜ ਨਾਲ ਸੰਬੰਧਿਤ ਥਕਾਵਟ ਨੂੰ ਘਟਾਉਂਦੀ ਹੈ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਦੀ ਹੈ।

ਇਲਾਜ ਤੋਂ ਹੋਣ ਵਾਲੇ ਅਣਚਾਹੇ ਅਸਰਾਂ ਦਾ ਪ੍ਰਬੰਧਨ ਕਰਨ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਇਲਾਜ ਦੌਰਾਨ ਨਰੋਈ ਖੁਰਾਕ ਖਾਓ। ਅਲਕੋਹਲ ਵਾਲੇ ਡ੍ਰਿੰਕਾਂ, ਲਾਲ ਮੀਟ, ਸੋਧੇ ਹੋਏ ਭੋਜਨਾਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰੋ ਅਤੇ ਬਨਸਪਤੀ-ਆਧਾਰਿਤ ਭੋਜਨਾਂ ਦੀ ਖਪਤ ਵਧਾਓ ਜਿਨ੍ਹਾਂ ਵਿੱਚ ਫਲ਼, ਸਬਜ਼ੀਆਂ ਅਤੇ ਫਲ਼ੀਦਾਰ ਬਨਸਪਤੀਆਂ (legumes) ਸ਼ਾਮਲ ਹਨ।

ਜੇ ਤੁਹਾਨੂੰ ਇਲਾਜ​-​​​ਸੰਬੰਧਿਤ ਅਣਚਾਹੇ ਅਸਰਾਂ ਦਾ ਅਨੁਭਵ ਹੁੰਦਾ ਹੈ ਜਿਵੇਂ ਕਿ ਬਹੁਤ ਘੱਟ ਭੁੱਖ ਲੱਗਣੀ, ਸਵਾਦ ਵਿੱਚ ਤਬਦੀਲੀਆਂ, ਖੁਸ਼ਕ ਮੂੰਹ, ਚਬਾਉਣ ਜਾਂ ਨਿਗਲਣ ਵਿੱਚ ਮੁਸ਼ਕਿਲ, ਤਾਂ ਸਲਾਹ ਵਾਸਤੇ ਆਪਣੇ ਸਿਹਤ​ ​ਸੰਭਾਲ ਪ੍ਰਦਾਨਕ ਅਤੇ ਆਪਣੇ ਕੈਂਸਰ ਦੇਖਭਾਲ ਕੇਂਦਰ ਵਿਖੇ ਪੰਜੀਕਿਰਤ ਆਹਾਰ-ਮਾਹਰ ਨਾਲ ਗੱਲ ਕਰੋ।

ਭੋਜਨਾਂ ਅਤੇ ਦਵਾਈਆਂ ਵਿਚਲੇ ਕੁਝ ਵਿਸ਼ੇਸ਼ ਪਦਾਰਥ ਕੀਮੋਥੈਰੇਪੀ ਜਾਂ ਈਮਿਊਨੋਥੈਰੇਪੀ ਵਿੱਚ ਦਖਲ-ਅੰਦਾਜ਼ੀ ਕਰ ਸਕਦੇ ਹਨ। ਆਪਣੀ ਕੀਮੋਥੈਰੇਪੀ ਅਤੇ ਈਮਿਊਨੋਥੈਰੇਪੀ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਕੈਂਸਰ-ਮਾਹਰ ਡਾਕਟਰ ਜਾਂ ਫਾਰਮਾਸਿਸਟ ਨਾਲ ਗੱਲ ਕਰੋ। ਜਦ ਤੱਕ ਤੁਸੀਂ ਇਹਨਾਂ ਇਲਾਜਾਂ ’ਤੇ ਚੱਲ ਰਹੇ ਹੋ, ਤਾਂ ਆਪਣੇ ਕੈਂਸਰ-ਮਾਹਰ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਪਹਿਲਾਂ ਕਿਸੇ ਨਵੀਂ ਦਵਾਈ ਜਾਂ ਸਪਲੀਮੈਂਟ ਨੂੰ ਸ਼ੁਰੂ ਨਾ ਕਰੋ।

ਇਹ ਪੰਨਾ ਪ੍ਰਿੰਟ ਕਰੋ →

ਈਮਿਊਨੋਥੈਰੇਪੀ ਅਤੇ ਕਲੀਨਿਕੀ ਪਰਖਾਂ

ਕਿਉਂਕਿ ਬਲੈਡਰ ਦੇ ਕੈਂਸਰ ਦੇ ਇਲਾਜ ਵਾਸਤੇ ਈਮਿਊਨੋਥੈਰੇਪੀ ਮੁਕਾਬਲਤਨ ਨਵੀਂ ਚੀਜ਼ ਹੈ, ਇਸ ਲਈ ਕੁਝ ਇਲਾਜ ਹੈਲਥ ਕੈਨੇਡਾ ਵੱਲੋਂ ਮਨਜ਼ੂਰ ਕੀਤੇ ਹੋਏ ਹੋ ਸਕਦੇ ਹਨ, ਪਰ ਹੋ ਸਕਦਾ ਹੈ ਇਹਨਾਂ ਨੂੰ ਅਜੇ ਤੁਹਾਡੇ ਪ੍ਰਾਂਤਕੀ ਜਾਂ ਨਿੱਜੀ ਦਵਾਈ ਪ੍ਰੋਗਰਾਮ ਵੱਲੋਂ ਕਵਰ ਨਾ ਕੀਤਾ ਜਾਂਦਾ ਹੋਵੇ। ਕੁਝ ਹੋਰ ਸ਼ਾਇਦ ਕਿਸੇ ਕਲੀਨਿਕੀ ਪਰਖ ਜਾਂ ਮਰੀਜ਼ ਪਹੁੰਚ ਪ੍ਰੋਗਰਾਮ ਦੇ ਰਾਹੀਂ ਹੀ ਉਪਲਬਧ ਹੋਣ।

ਕਲੀਨਿਕੀ ਪਰਖ ਇੱਕ ਖੋਜ ਅਧਿਐਨ ਹੁੰਦੀ ਹੈ ਜਿਸ ਵਿੱਚ ਇਹ ਟੈਸਟ ਕੀਤਾ ਜਾਂਦਾ ਹੈ ਕਿ ਇੱਕ ਨਵੀਂ ਡਾਕਟਰੀ ਪਹੁੰਚ ਲੋਕਾਂ ਵਿੱਚ ਕਿੰਨ੍ਹੀ ਕੁ ਚੰਗੀ ਤਰ੍ਹਾਂ ਕੰਮ ਕਰਦੀ ਹੈ। ਹਰ ਅਧਿਐਨ ਵਿਗਿਆਨਕ ਸਵਾਲਾਂ ਦੇ ਜਵਾਬ ਦਿੰਦਾ ਹੈ ਅਤੇ ਕਿਸੇ ਬਿਮਾਰੀ, ਜਿਵੇਂ ਕਿ ਬਲੈਡਰ ਕੈਂਸਰ, ਦੀ ਰੋਕਥਾਮ ਕਰਨ, ਇਸ ਦੀ ਪੂਰਵ-ਪੜਤਾਲ ਕਰਨ, ਤਸ਼ਖੀਸ ਕਰਨ ਜਾਂ ਇਲਾਜ ਕਰਨ ਦੇ ਬਿਹਤਰ ਤਰੀਕੇ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕਿਸੇ ਕਲੀਨਿਕੀ ਪਰਖ ਵਿੱਚ ਭਾਗ ਲੈਣ ਦੁਆਰਾ, ਤੁਸੀਂ ਖੋਜ ਕਰਤਾਵਾਂ ਨੂੰ ਅਹਿਮ ਸਵਾਲਾਂ ਦਾ ਜਵਾਬ ਦੇਣ ਵਿੱਚ ਮਦਦ ਕਰੋਂਗੇ ਜਿਸ ਨਾਲ ਨਵੇਂ ਅਸਰਦਾਰ ਇਲਾਜਾਂ ਦਾ ਵਿਕਾਸ ਅੱਗੇ ਵਧੇਗਾ। ਕਲੀਨਿਕੀ ਪਰਖਾਂ ਤੁਹਾਨੂੰ ਤੁਹਾਡੀ ਇਲਾਜ ਯੋਜਨਾ ਵਿੱਚ ਕੋਈ ਹੋਰ ਵਿਕਲਪ ਵੀ ਪ੍ਰਦਾਨ ਕਰਾ ਸਕਦੀਆਂ ਹਨ।

ਕਲੀਨਿਕੀ ਪਰਖ ਸੰਬੰਧੀ ਵੈੱਬਸਾਈਟਾਂ ਤੁਹਾਨੂੰ ਉਹ ਕਲੀਨਿਕੀ ਪਰਖਾਂ ਲੱਭਣ ਵਿੱਚ ਮਦਦ ਕਰਨਗੀਆਂ ਜੋ ਤੁਹਾਡੇ ਖੇਤਰ ਵਿੱਚ ਉਪਲਬਧ ਹੋ ਸਕਦੀਆਂ ਹਨ। ਇਹ ਹੈ ਇੱਕ ਵੈੱਬਸਾਈਟ ਜੋ ਤੁਸੀਂ ਦੇਖ ਸਕਦੇ ਹੋ: www.canadiancancertrials.ca. ਇਹ ਸਾਈਟ ਸਿਰਫ਼ ਕੈਨੇਡੀਅਨ ਪਰਖਾਂ ਦੀ ਹੀ ਸੂਚੀ ਦਿੰਦੀ ਹੈ। ਤੁਸੀਂ ‘ਕੈਂਸਰ ਦੀ ਕਿਸਮ ਚੁਣੋ’ ਤਹਿਤ ਬਲੈਡਰ ਕੈਂਸਰ ਦੀ ਚੋਣ ਕਰਨ ਦੁਆਰਾ ਆਪਣੀ ਤਲਾਸ਼ ਦਾ ਘੇਰਾ ਤੰਗ ਕਰ ਸਕਦੇ ਹੋ। ਜੇ ਤੁਹਾਡੇ ਵੱਲੋਂ ਦੇਖੀ ਜਾਂਦੀ ਸੂਚੀ ਉੱਤੇ ਬਲੈਡਰ ਕੈਂਸਰ ਦਿਖਾਈ ਨਹੀਂ ਦਿੰਦਾ ਤਾਂ ਤੁਹਾਨੂੰ “ਹੋਰ ਦਿਖਾਓ” ਦੀ ਚੋਣ ਕਰਨ ਦੀ ਲੋੜ ਪੈ ਸਕਦੀ ਹੈ। ਤੁਸੀਂ ਪ੍ਰਾਂਤ, ਸ਼ਹਿਰ ਜਾਂ ਪਰਖ ਕੇਂਦਰ ਮੁਤਾਬਿਕ ਵੀ ਤਲਾਸ਼ ਕਰ ਸਕਦੇ ਹੋ। ​​ ​​

ਇਹ ਬਹੁਤ ਅਹਿਮ ਹੈ ਕਿ ਤੁਸੀਂ ਆਪਣੀ ਡਾਕਟਰੀ ਟੀਮ ਨਾਲ ਇਹ ਵਿਚਾਰ-ਵਟਾਂਦਰਾ ਕਰੋ ਕਿ ਕੀ ਕੋਈ ਕਲੀਨਿਕੀ ਪਰਖ ਤੁਹਾਡੇ ਲਈ ਸਹੀ ਹੈ।

ਕਸ਼ਟ-ਘਟਾਊ ਦੇਖਭਾਲ (Palliative Care)

ਕਸ਼ਟ-ਘਟਾਊ ਦੇਖਭਾਲ ਵਿੱਚ ਲੱਛਣਾਂ ਦਾ ਕੰਟਰੋਲ ਅਤੇ ਨਾਲ ਹੀ ਸਮਾਜਕ, ਧਾਰਮਿਕ ਅਤੇ ਮਨੋਵਿਗਿਆਨਕ ਸਹਾਇਤਾ ਸ਼ਾਮਲ ਹੁੰਦੇ ਹਨ। ਇਸ ਨੂੰ ਵਿਸ਼ੇਸ਼ ਸਿਖਲਾਈ ਪ੍ਰਾਪਤ ਡਾਕਟਰਾਂ, ਨਰਸਾਂ ਅਤੇ ਹੋਰ ਪੇਸ਼ੇਵਰਾਂ ਦੀ ਟੀਮ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ ਜਿਵੇਂ ਕਿ ਪੋਸ਼ਣ-ਮਾਹਰ (nutritionists) ਜਾਂ ਸੋਸ਼ਲ ਵਰਕਰ, ਜੋ ਸਹਾਇਤਾ ਪ੍ਰਦਾਨ ਕਰਾਉਣ ਲਈ ਮਿਲਕੇ ਕੰਮ ਕਰਦੇ ਹਨ। ਕਸ਼ਟ-ਘਟਾਊ ਦੇਖਭਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਦੀ ਹੈ ਅਤੇ ਇਹ ਮੈਟਾਸਟੈਟਿਕ ਬਲੈਡਰ ਕੈਂਸਰ ਦੇ ਪ੍ਰਬੰਧਨ ਦਾ ਇੱਕ ਅਖੰਡ ਹਿੱਸਾ ਹੈ। ਤੁਹਾਡੀ ਸਮੁੱਚੀ ਕੈਂਸਰ ਯਾਤਰਾ ਦੌਰਾਨ ਤੁਹਾਨੂੰ ਸਹਾਇਤਾਕਾਰੀ ਅਤੇ ਕਸ਼ਟ-ਘਟਾਊ ਦੇਖਭਾਲ ਪ੍ਰਦਾਨ ਕੀਤੀ ਜਾਵੇਗੀ।

ਇਸ ਕਿਸਮ ਦੀ ਦੇਖਭਾਲ ਦਰਦ, ਉਦਾਸੀਨਤਾ, ਸਾਹ ਚੜ੍ਹਨਾ, ਥਕਾਵਟ, ਕਬਜ਼, ਜੀਅ ਮਤਲਾਉਣਾ, ਭੁੱਖ ਨਾ ਲੱਗਣੀ, ਸੌਣ ਵਿੱਚ ਸਮੱਸਿਆ, ਚਿੰਤਾ-ਰੋਗ ਅਤੇ ਕਿਸੇ ਵੀ ਹੋਰ ਲੱਛਣਾਂ ਦਾ ਇਲਾਜ ਕਰਦੀ ਹੈ ਜੋ ਤੁਹਾਡੇ ਲਈ ਕਸ਼ਟ ਦਾ ਕਾਰਨ ਬਣ ਰਹੇ ਹੋ ਸਕਦੇ ਹਨ।

ਕਸ਼ਟ-ਘਟਾਊ ਦੇਖਭਾਲ ਨੂੰ ਪੱਕੇ ਇਲਾਜ ਦੇ ਨਾਲ-ਨਾਲ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਇਹ ਤਸ਼ਖੀਸ ਦੇ ਸਮੇਂ ’ਤੇ ਵੀ ਸ਼ੁਰੂ ਹੋ ਸਕਦੀ ਹੈ। ਇਸ ਨੂੰ ਤੁਹਾਡੇ ਬਕਾਇਦਾ ਡਾਕਟਰਾਂ ਅਤੇ ਸਿਹਤ​ ​ਦੇਖਭਾਲ ਟੀਮ ਜਾਂ ਕਿਸੇ ਵਿਸ਼ੇਸ਼ ਕਸ਼ਟ-ਘਟਾਊ ਦੇਖਭਾਲ ਟੀਮ ਵੱਲੋਂ ਪ੍ਰਦਾਨ ਕੀਤਾ ਜਾ ਸਕਦਾ ਹੈ।

​​​​​

ਕਸ਼ਟ-ਘਟਾਊ ਦੇਖਭਾਲ ਟੀਮ ਨੂੰ ਸਿਫਾਰਸ਼ ਕੀਤੇ ਜਾਣ ਦੀ ਅਹਿਮੀਅਤ

​​ਕਿਉਂਕਿ ਕਸ਼ਟ-ਘਟਾਊ ਦੇਖਭਾਲ ਟੀਮਾਂ ਕੈਂਸਰ ਦੇ ਲੱਛਣਾਂ ਦੀ ਸੰਪੂਰਨ ਲੜੀ ਨਾਲ ਸਿੱਝਦੀਆਂ ਹਨ, ਇਸ ਲਈ ਉਹ ਇਹ ਯਕੀਨੀ ਬਣਾ ਸਕਦੀਆਂ ਹਨ ਕਿ ਤੁਸੀਂ ਵੱਧ ਤੋਂ ਵੱਧ ਸੰਭਵ ਹੱਦ ਤੱਕ ਵਧੀਆ ਗੁਣਵੱਤਾ ਦੀ ਜ਼ਿੰਦਗੀ ਦਾ ਮਜ਼ਾ ਲੈਂਦੇ ਹੋ। ਉਹ ਤੁਹਾਨੂੰ ਤੁਹਾਡੇ ਤੁਰੰਤ ਧਿਆਨ ਮੰਗਦੇ ਸ਼ੰਕਿਆਂ ਨੂੰ ਨਵਿਰਤ ਕਰਨ ਵਿੱਚ ਮਦਦ ਕਰਨਗੇ, ਜਿਵੇਂ ਕਿ ਇਸ ਬਾਰੇ ਚਿੰਤਾ ਕਰਨਾ ਕਿ ਕੀਮੋਥੈਰੇਪੀ ਜਾਂ ਰੇਡੀਏਸ਼ਨ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਕਰਵਾ ਸਕਦੇ ਹਨ, ਜਾਂ ਸਰਜਰੀ ਦਾ ਕੀ ਪ੍ਰਭਾਵ ਹੋਵੇਗਾ, ਜਾਂ ਕੀ ਤੁਹਾਡੇ ਵਾਲ਼ ਝੜ ਜਾਣਗੇ, ਜਾਂ ਜੇ ਤੁਸੀਂ ਇਲਾਜ ਖਤਮ ਕਰ ਦਿੰਦੇ ਹੋ ਤਾਂ ਕੀ ਵਾਪਰੇਗੀ। ​​​

ਕਸ਼ਟ-ਘਟਾਊ ਦੇਖਭਾਲ ਟੀਮ ਦੇ ਮੈਂਬਰ ਤੁਹਾਨੂੰ ਵਡੇਰੀ-ਤਸਵੀਰ ਵਰਗੀਆਂ ਚੀਜ਼ਾਂ ਸੰਬੰਧੀ ਮਦਦ ਕਰਨਗੇ, ਜਿਵੇਂ ਕਿ ਇਹ ਫੈਸਲਾ ਕਰਨਾ ਕਿ ਉਹ ਕਿਹੜੀ ਚੀਜ਼ ਹੈ ਜਿਸ ਨੂੰ ਤੁਸੀਂ ਜ਼ਿੰਦਗੀ ਵਿੱਚ ਸਭ ਤੋਂ ਵੱਧ ਅਹਿਮੀਅਤ ਦਿੰਦੇ ਹੋ ਜਾਂ ਦਿੱਤੇ ਗਏ ਇਲਾਜ ਦੇ ਪ੍ਰਭਾਵਾਂ ਦੀ ਬਿਮਾਰੀ ਦੇ ਪ੍ਰਭਾਵਾਂ ਨਾਲ ਤੁਲਨਾ ਕਰਨਾ। ਇਹ ਯਾਦ ਰੱਖਣਾ ਅਹਿਮ ਹੈ ਕਿ ਜ਼ਰੂਰੀ ਨਹੀਂ ਕਿ ਕਸ਼ਟ-ਘਟਾਊ ਦੇਖਭਾਲ ਦਾ ਮਤਲਬ ਜੀਵਨ ’ਤੇ ਅੰਤ ’ਤੇ ਕੀਤੀ ਜਾਂਦੀ ਦੇਖਭਾਲ ਜਾਂ ਕੋਈ ਸਰਗਰਮ ਇਲਾਜ ਨਾ ਕੀਤਾ ਜਾਣਾ ਹੋਵੇ; ਇਹ ਤੁਹਾਡੇ ਕੈਂਸਰ ਦੇ ਸਰਗਰਮ ਇਲਾਜ ਲਈ ਇੱਕ ਪੂਰਕ ਬਣ ਸਕਦੀ ਹੈ ਤਾਂ ਜੋ ਤੁਹਾਡਾ ਅਨੁਭਵ ਵਧੇਰੇ ਸੁਖਾਲਾ ਬਣਾਇਆ ਜਾ ਸਕੇ।

ਬਲੈਡਰ ਕੈਂਸਰ ਕੈਨੇਡਾ ਨੂੰ ਕਾਲ ਕਰਨ ਤੋਂ ਨਾ ਝਿਜਕੋ ਅਤੇ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰਨ ਲਈ ਪੁੱਛੋ ਜੋ ਮੈਟਾਸਟੈਟਿਕ ਬਲੈਡਰ ਕੈਂਸਰ ਦੀ ਤਸ਼ਖੀਸ ਅਤੇ ਇਲਾਜ ਵਿੱਚੋਂ ਗੁਜ਼ਰਿਆ ਹੈ।। ਸਾਡੇ ਕੋਲ ਸਹਾਇਤਾ ਕਰਨ ਵਾਲੇ ਵਲੰਟੀਅਰ ਸਾਥੀ ਹਨ ਜੋ ਆਪਣੇ ਅਨੁਭਵ ਅਤੇ ਹਾਸਲ ਕੀਤੇ ਗਿਆਨ ਦੇ ਆਧਾਰ ’ਤੇ, ਤੁਹਾਡੇ ਕੋਲ ਹੋ ਸਕਦੇ ਕਿਸੇ ਵੀ ਸਵਾਲਾਂ ਦਾ ਜਵਾਬ ਦੇਣਗੇ। ਤੁਹਾਡੇ ਵਰਗੀ ਪ੍ਰਸਥਿਤੀ ਵਿੱਚ ਰਹਿ ਚੁੱਕੇ ਕਿਸੇ ਵਿਅਕਤੀ – ਜੋ ਬਚ ਗਿਆ ਹੈ ਅਤੇ ਵਧ-ਫੁੱਲ ਰਿਹਾ ਹੈ, ਨਾਲ ਗੱਲਬਾਤ ਕਰਨ ਤੋਂ ਬਹੁਤ ਮਦਦ ਮਿਲਦੀ ਹੈ। ਅਸੀਂ ਜਾਣਦੇ ਹਾਂ। ਅਸੀਂ ਉਸ ਸਥਿਤੀ ਵਿੱਚ ਰਹਿ ਚੁੱਕੇ ਹਾਂ!

ਇਹ ਪੰਨਾ ਪ੍ਰਿੰਟ ਕਰੋ →

icon-info

ਮੈਂ ਜਾਣਕਾਰੀ ਹੋਰ ਕਿੱਥੋਂ ਹਾਸਲ ਕਰ ਸਕਦਾ/ਦੀ ਹਾਂ?

ਬਲੈਡਰ ਕੈਂਸਰ ਕੈਨੇਡਾ ਦੀ ਵੈੱਬਸਾਈਟ (www.bladdercancercanada.org) ’ਤੇ ਜਾਣਕਾਰੀ ਦਾ ਖਜਾਨਾ ਹੈ, ਜਿਸ ਵਿੱਚ ਹੋਰ ਭਰੋਸੇਯੋਗ ਵੈੱਬਸਾਈਟਾਂ ਲਈ ਲਿੰਕ ਵੀ ਸ਼ਾਮਲ ਹਨ।

ਇੰਟਰਨੈੱਟ ਢੇਰ ਸਾਰੀ ਜਾਣਕਾਰੀ ਪ੍ਰਦਾਨ ਕਰਾਉਂਦਾ ਹੈ, ਇਸ ਵਿੱਚੋਂ ਕੁਝ ਸਟੀਕ ਅਤੇ ਮਦਦਗਾਰੀ ਹੁੰਦੀ ਹੈ ਅਤੇ ਕੁਝ ਕੁ ਗਲਤ ਅਤੇ ਹੋਰ ਸਭ ਕੁਝ ਹੁੰਦੀ ਹੈ ਪਰ ਮਦਦਗਾਰੀ ਨਹੀਂ। ਹਾਲਾਂਕਿ, ਕਈ ਵਿਸ਼ਵ-ਸ਼੍ਰੇਣੀ ਦੇ ਕੈਂਸਰ ਕੇਂਦਰ ਔਨਲਾਈਨ ਜਾਣਕਾਰੀ ਪ੍ਰਦਾਨ ਕਰਦੇ ਹਨ ਜਿਸ ਤੋਂ ਤੁਹਾਨੂੰ ਮਦਦ ਮਿਲ ਸਕਦੀ ਹੈ। ਪਰ ਤੁਹਾਡੇ ਵਿਸ਼ੇਸ਼ ਕੇਸ ਵਿੱਚ ਜਾਣਕਾਰੀ ਦਾ ਸਭ ਤੋਂ ਵਧੀਆ ਸਰੋਤ ਤੁਹਾਡੀ ਖੁਦ ਦੀ ਡਾਕਟਰੀ ਟੀਮ ਹੁੰਦੀ ਹੈ।

ਜੇ ਤੁਸੀਂ ਆਪਣੇ ਡਾਕਟਰ ਦੀ ਸਲਾਹ ਬਾਰੇ ਨਿਸ਼ਚਿਤ ਨਹੀਂ ਹੋ, ਤਾਂ ਤੁਹਾਨੂੰ ਦੂਜਾ ਨਜ਼ਰੀਆ ਲੈਣ ਦਾ ਹੱਕ ਹੈ। ਤੁਹਾਡੀ ਸਿਫਾਰਸ਼ ਕਿਸ ਕੋਲ ਕੀਤੀ ਜਾ ਸਕਦੀ ਹੈ, ਕਿਰਪਾ ਕਰਕੇ ਇਸ ਬਾਰੇ ਆਪਣੇ ਪਰਿਵਾਰਕ ਡਾਕਟਰ ਜਾਂ ਬਲੈਡਰ ਕੈਂਸਰ ਕੈਨੇਡਾ ਨਾਲ ਗੱਲ ਕਰੋ।

ਸੰਮਿਲਤ ਹੋਵੋ

ਬਲੈਡਰ ਕੈਂਸਰ ਸੰਬੰਧੀ ਮਸਲਿਆਂ ਲਈ ਸਮਰਪਿਤ ਪਹਿਲੇ ਅਤੇ ਇੱਕੋ ਇੱਕ ਕੈਨੇਡੀਅਨ ਮਰੀਜ਼ ਵਕਾਲਤ ਸੰਗਠਨ ਹੋਣ ਵਜੋਂ, ਬਲੈਡਰ ਕੈਂਸਰ ਕੈਨੇਡਾ ਨੂੰ ਮਰੀਜ਼ਾਂ, ਉਹਨਾਂ ਦੇ ਦੇਖਭਾਲ ਕਰਤਾਵਾਂ ਅਤੇ ਪਰਿਵਾਰਾਂ ਨੂੰ ਸਹਾਇਤਾ ਅਤੇ ਸਰੋਤ ਪ੍ਰਦਾਨ ਕਰਾਉਣ ’ਤੇ ਮਾਣ ਹੈ ਤਾਂ ਜੋ ਬਲੈਡਰ ਦੇ ਕੈਂਸਰ ਦੀ ਤਸ਼ਖੀਸ ਹੋਣ ਨਾਲ ਸਿੱਝਣ ਵਿੱਚ ਮਦਦ ਕੀਤੀ ਜਾ ਸਕੇ। ਬਲੈਡਰ ਕੈਂਸਰ ਕੈਨੇਡਾ ਨੂੰ ਕੋਈ ਸਰਕਾਰੀ ਫ਼ੰਡ ਸਹਾਇਤਾ ਨਹੀਂ ਮਿਲਦੀ ਅਤੇ ਇਹ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਸ ਮੁਫ਼ਤ ਗਾਈਡ-ਪੁਸਤਿਕਾ ਵਰਗੇ ਪ੍ਰੋਗਰਾਮਾਂ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਦਾਨਾਂ ’ਤੇ ਨਿਰਭਰ ਕਰਦੀ ਹੈ।

 

ਸਾਡਾ ਸਮਰਥਨ ਕਰੋ

ਵਿਅਕਤੀਗਤ ਦਾਨਾਂ ਦੀ ਬੇਹੱਦ ਸ਼ਲਾਘਾ ਕੀਤੀ ਜਾਂਦੀ ਹੈ, ਅਤੇ ਇਹਨਾਂ ਨੂੰ ਔਨਲਾਈਨ bladdercancercanada.org ’ਤੇ ਜਾਂ 1-866-674-8889 ’ਤੇ ਕਾਲ ਕਰਕੇ ਕੀਤਾ ਜਾ ਸਕਦਾ ਹੈ। ਤੁਹਾਡੇ ਵੱਲੋਂ ਦਿੱਤੀ ਸਹਾਇਤਾ ਬਲੈਡਰ ਕੈਂਸਰ ਕੈਨੇਡਾ ਨੂੰ ਸਾਡੇ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਜਾਰੀ ਰੱਖਣ ਅਤੇ ਇਹਨਾਂ ਦਾ ਵਿਸਤਾਰ ਕਰਨ ਵਿੱਚ ਮਦਦ ਕਰੇਗੀ ਤਾਂ ਜੋ ਹੋਰ ਵਧੇਰੇ ਮਰੀਜ਼ਾਂ ਅਤੇ ਦੇਖਭਾਲ ਕਰਤਾਵਾਂ ਦੀ ਮਦਦ ਕੀਤੀ ਜਾ ਸਕੇ।

 

 ਸਾਡੇ ਨਾਲ ਚੱਲੋ

ਹਰ ਸਤੰਬਰ, ਸਮੁੱਚੇ ਦੇਸ਼ ਦੇ ਸ਼ਹਿਰਾਂ ਵਿੱਚ ਅਸੀਂ ਆਪਣੇ ਸਾਲਾਨਾ ਮਾਰਚ, ‘ਕੈਨੇਡਾ ਵਾਕਸ ਫਾਰ ਬਲੈਡਰ ਕੈਂਸਰ’ ਦੀ ਮੇਜ਼ਬਾਨੀ ਕਰਦੇ ਹਾਂ। ਇਹ ਇਵੈਂਟ ਸਮੁੱਚੇ ਕੈਨੇਡਾ ਵਿਚਲੇ ਭਾਈਚਾਰਿਆਂ ਵਿੱਚ ਬਲੈਡਰ ਕੈਂਸਰ ਬਾਰੇ ਚੇਤਨਾ ਜਗਾਉਣ ਲਈ, ਬਲੈਡਰ ਕੈਂਸਰ ਦੇ ਮਰੀਜ਼ਾਂ ਨੂੰ ਸਹਾਇਤਾ ਦੇਣ ਲਈ ਅਤੇ ਕਾਢਕਾਰੀ ਖੋਜ ਵਾਸਤੇ ਫ਼ੰਡ ਜੁਟਾਉਣ ਦੇ ਸਾਡੇ ਮਿਸ਼ਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਇਵੈਂਟ ਤੋਂ ਇਕੱਤਰ ਕੀਤੀ ਧਨ ਰਾਸ਼ੀ ਸਾਡੀ ਸਾਲਾਨਾ ਆਮਦਨ ਦਾ ਲਗਭਗ ਦੋ-ਤਿਹਾਈ ਹਿੱਸਾ ਬਣਦੀ ਹੈ।

ਅਜਿਹਾ ਸੰਸਾਰ ਸਿਰਜਣ ਵਿੱਚ ਮਦਦ ਕਰੋ ਜਿੱਥੇ ਬਲੈਡਰ ਕੈਂਸਰ ਇੱਕ ਯਾਦਦਾਸ਼ਤ ਬਣਕੇ ਰਹਿ ਜਾਵੇ। ਸਾਡੇ ਨਾਲ ਜੁੜੋ: BCCwalk.ca.

 

ਵਲੰਟੀਅਰ ਬਣੋ ਅਤੇ ਹੋਰਨਾਂ ਨੂੰ ਦੱਸੋ

ਆਪਣੇ ਦੋਸਤਾਂ, ਪਰਿਵਾਰ ਅਤੇ ਸਿਹਤ-ਸੰਭਾਲ ਪ੍ਰਦਾਨਕਾਂ ਨੂੰ ਬਲੈਡਰ ਕੈਂਸਰ ਅਤੇ ਬਲੈਡਰ ਕੈਂਸਰ ਕੈਨੇਡਾ ਬਾਰੇ ਦੱਸੋ। ਤੁਸੀਂ ਇਸੇ ਯਾਤਰਾ ’ਤੇ ਚੱਲ ਰਹੇ ਹੋਰ ਲੋਕਾਂ ਨਾਲ ਗੱਲ ਕਰ ਸਕਦੇ ਹੋ ਅਤੇ ਉਹਨਾਂ ਵਾਸਤੇ ਉਤਸ਼ਾਹ ਅਤੇ ਜੀਵਨ-ਰੇਖਾ ਬਣ ਸਕਦੇ ਹੋ। ਇਹ ਪਤਾ ਲਾਉਣ ਲਈ ਕਿ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ—ਜਾਂ ਖੁਦ ਮਦਦ ਲੈਣ ਲਈ—ਬਲੈਡਰ ਕੈਂਸਰ ਕੈਨੇਡਾ ਦੀ ਵੈੱਬਸਾਈਟ www.bladdercancercanada.org’ਤੇ ਜਾਓ। ਸਾਡੀ ਵੈੱਬਸਾਈਟ ਵਿੱਚ ਸ਼ਾਨਦਾਰ, ਭਰੋਸੇਯੋਗ, ਅਤੇ ਸਰਗਰਮ ਵਿਚਾਰ-ਵਟਾਂਦਰਾ ਫੋਰਮਾਂ ਹਨ ਜਿੱਥੇ ਤੁਸੀਂ ਸਵਾਲ ਪੁੱਛ ਸਕਦੇ ਹੋ ਜਾਂ ਆਪਣੀ ਕਹਾਣੀ ਸਾਂਝੀ ਕਰ ਸਕਦੇ ਹੋ। ਤੁਸੀਂ ਵੀ ਵਲੰਟੀਅਰ ਬਣਨ ਬਾਰੇ ਜਾਣਕਾਰੀ ਲੱਭ ਸਕਦੇ ਹੋ ਜਾਂ ਆਉਣ ਵਾਲੇ ਸਮਾਗਮਾਂ ਅਤੇ ਖੋਜ ਸੰਬੰਧੀ ਖ਼ਬਰਾਂ ਬਾਰੇ ਤਾਜ਼ਾ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਲਈ ਸਾਡੇ ਈ-ਨਿਊਜ਼ਲੈਟਰ ਵਾਸਤੇ ਸਾਈਨ ਅੱਪ ਕਰ ਸਕਦੇ ਹੋ।

ਬਲੈਡਰ ਕੈਂਸਰ ਨਾਲ ਤੁਹਾਡੀ ਯਾਤਰਾ ਵਿੱਚ ਅਸੀਂ ਤੁਹਾਡੇ ਲਈ ਹਰੇਕ ਸਫਲਤਾ ਦੀ ਕਾਮਨਾ ਕਰਦੇ ਹਾਂ।

 

ਅੱਜ ਹੀ ਸਾਡੇ ਨਾਲ ਸੰਪਰਕ ਕਰੋ – ਅਸੀਂ ਏਥੇ ਮਦਦ ਕਰਨ ਲਈ ਮੌਜੂਦ ਹਾਂ। 

ਇਹ ਪੰਨਾ ਪ੍ਰਿੰਟ ਕਰੋ →

ਬਲੈਡਰ ਕੈਂਸਰ ਕੈਨੇਡਾ ਬਾਰੇ

ਬਲੈਡਰ ਕੈਂਸਰ ਕੈਨੇਡਾ ਦੀ ਸਥਾਪਨਾ 2009 ਵਿੱਚ ਬਲੈਡਰ ਕੈਂਸਰ ਦੇ ਬਚ ਗਏ ਪੀੜਤਾਂ (survivors) ਵੱਲੋਂ ਕੀਤੀ ਗਈ ਸੀ। ਅਸੀਂ ਇੱਕ ਕੌਮੀ ਪੱਧਰ ਦੀ ਚੈਰਿਟੀ ਹਾਂ ਅਤੇ ਸਾਡਾ ਮਿਸ਼ਨ ਇਹ ਹੈ:

  • ਬਲੈਡਰ ਦੇ ਕੈਂਸਰ ਦੇ ਮਰੀਜ਼ਾਂ ਅਤੇ ਉਹਨਾਂ ਦੀਆਂ ਸਹਾਇਤਾ ਟੀਮਾਂ ਨੂੰ ਇਸ ਬਿਮਾਰੀ ਦੇ ਦਿਨ-ਪ੍ਰਤੀ-ਦਿਨ ਦੇ ਮਸਲਿਆਂ ਨਾਲ ਸਿੱਝਣ ਵਿੱਚ ਮਦਦ ਕਰਨਾ
  • ਜਨਤਾ ਅਤੇ ਡਾਕਟਰੀ ਭਾਈਚਾਰੇ ਵਿੱਚ ਬਲੈਡਰ ਦੇ ਕੈਂਸਰ ਬਾਰੇ ਚੇਤਨਾ ਵਧਾਉਣਾ
  • ਬਲੈਡਰ ਦੇ ਕੈਂਸਰ ਦੀ ਤਸ਼ਖੀਸ, ਇਲਾਜ ਅਤੇ ਇਸ ਦੇ ਖਾਤਮੇ ਦੀ ਪੈਰਵਾਈ ਕਰਨ ਵਾਲੀ ਖੋਜ ਵਾਸਤੇ ਫ਼ੰਡ ਸਹਾਇਤਾ ਦੇਣਾ

ਕਾਬਲਤਨ ਸ਼ੁਰੂਆਤੀ ਪੜਾਅ ’ਤੇ ਕੈਨੇਡੀਅਨਾਂ ਵਿਚਕਾਰ ਬਲੈਡਰ ਦੇ ਕੈਂਸਰ ਬਾਰੇ ਚੇਤਨਾ। ਇਸ ਬਿਮਾਰੀ ਦੇ ਲੱਛਣਾਂ ਬਾਰੇ ਜਨਤਾ ਵਿੱਚ ਬਹੁਤ ਘੱਟ ਜਾਗਰੁਕਤਾ ਹੈ ਅਤੇ, ਜਦੋਂ ਤੱਕ ਲੋਕਾਂ ਵਿੱਚ ਇਸ ਕੈਂਸਰ ਦੀ ਤਸ਼ਖੀਸ ਨਹੀਂ ਹੁੰਦੀ, ਜ਼ਿਆਦਾਤਰ ਲੋਕ ਇਸ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੇ ਹੁੰਦੇ।

ਬਲੈਡਰ ਕੈਂਸਰ ਕੈਨੇਡਾ ਇਸ ਕੈਂਸਰ ਬਾਰੇ ਜਾਗਰੁਕਤਾ ਪੈਦਾ ਕਰਦੀ ਹੈ ਕਿਉਂਕਿ ਜਲਦੀ ਤਸ਼ਖੀਸ ਕਰ ਲੈਣਾ ਆਮ ਤੌਰ ’ਤੇ ਬਿਹਤਰ ਸਿੱਟਾ ਦਿੰਦਾ ਹੈ।

ਵਧੇਰੇ ਜਾਣਕਾਰੀ ਲਈ, ਦੇਖੋ www.bladdercancercanada.org.

ਸਾਡੇ ਨਾਲ ਸੰਪਰਕ ਕਰੋ:

Bladder Cancer Canada
4936 Yonge St, Suite 1000 | Toronto, ON M2N 6S3
info@bladdercancercanada.org ਜਾਂ ਸਾਨੂੰ 1-866-674-8889 ’ਤੇ ਕਾਲ ਕਰੋ

ਏਥੇ ਸਾਡਾ ਅਨੁਸਰਣ ਕਰੋ:

Facebook: /BladderCancerCanada
Linkedin: /bladder-cancer-canada/
YouTube: /BladderCancerCA
Instagram: /bladdercancercanada/

ਵਿਸ਼ੇਸ਼ ਧੰਨਵਾਦ ਨੋਟ-ਕਥਨ

ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਇਸ ਗਾਈਡ-ਪੁਸਤਿਕਾ ਦੀ ਪ੍ਰਕਾਸ਼ਨਾ ਅਤੇ ਸਮੀਖਿਆ ਵਿੱਚ ਭਾਗ ਲਿਆ: ਗਰੇਗ ਨੀਲੀ, ਜੈਕ ਮੂਨ, ਈਵਾ ਫ੍ਰੇਜ਼ਰ, ਇਡ ਮੋਫਟ, ਐਲਿਜ਼ਾਬੇਥ ਮੋਫਟ, ਵੈਲੇਰੀ ਮੈਕਲੀਓਡ, ਕਾਈਲ ਮੈਕਕੇਨਾ, ਡੇਵਿਡ ਗਟਮੈਨ, ਡਾ. ਐਂਡੀਆ ਕੋਕੋਰੋਵਿਕ ਅਤੇ ਡਾ. ਰਾਬਰਟ ਸੀਮੈੱਨਜ਼

ਪ੍ਰੋਜੈਕਟ ਮੈਨੇਜਰ ਅਤੇ ਮਰੀਜ਼ ਗਾਈਡ-ਪੁਸਤਿਕਾ ਲੜੀ ਦੇ ਸੰਪਾਦਕ ਸਟੀਫਨ ਵਿਲਸਨ ਹਨ।

ਅਸੀਂ AstraZeneca, Janssen, Merck ਅਤੇ Roche ਦੇ ਅਹਿਸਾਨਮੰਦ ਹਾਂ ਜਿਨ੍ਹਾਂ ਦੀ ਦਿਆਲੂ ਵਿੱਤੀ ਸਹਾਇਤਾ ਨੇ ਇਸ ਗਾਈਡ-ਪੁਸਤਿਕਾ ਨੂੰ ਸੰਭਵ ਬਣਾਇਆ।

ਇਸ ਗਾਈਡ-ਪੁਸਤਿਕਾ ਦੇ ਅਨੁਵਾਦ ਵਾਸਤੇ Verity Pharmaceuticals , Janssen , Merck Canada ਅਤੇ ਹੋਰ ਦਿਆਲੂ ਦਾਨੀਆਂ ਵੱਲੋਂ ਸਹਾਇਤਾ ਦਿੱਤੀ ਗਈ ਸੀ।

ਚੈਰੀਟੇਬਲ ਰਜਿਸਟ੍ਰੇਸ਼ਨ ਨੰਬਰ: 83612 6060 RR0001

ਜੂਨ 2023 ਵਿੱਚ ਸੋਧਿਆ ਗਿਆ

Bladder Cancer Canada

4936 Yonge Street, Suite 1000, Toronto, ON M2N 6S3
Phone: 1-866-674-8889
Email & Media Contact: info@bladdercancercanada.org

Privacy Policy | Donor Bill of Rights | Complaints Policy

Charitable Reg No. 83612 6060 RR0001

© Bladder Cancer Canada.

SUBSCRIBE TO OUR NEWSLETTER
SEND US A MESSAGE
  • Bladder Cancer
    • See Red?
    • What is Bladder Cancer?
    • Statistics and Risk Factors
    • Symptoms and Diagnosis
    • Staging and Grading
    • Types of Bladder Cancer
      • Non-Muscle Invasive Bladder Cancer
      • Muscle Invasive Bladder Cancer
      • Metastatic Bladder Cancer
      • Upper Tract Urothelial Carcinoma
    • Treatment Options
      • TURBT
      • BCG
      • Chemotherapy and Radiation
      • Bladder Removal Surgery
      • Immunotherapy
      • Bladder Preservation Options
      • Palliative Care
      • Clinical Trials
      • Advanced Bladder Cancer Treatment
    • Research and Studies
      • Meet the Researchers
  • Patients
    • Get Support
      • Support Groups
      • One2One Peer Support
      • Online Discussion Forum
      • Contact Us by Phone or Email
    • Navigating Your Diagnosis
      • Newly Diagnosed?
      • Coping With Emotions
      • Health and Wellness Resources
      • Clinical Trials
    • Educational Resources
      • Guidebooks
      • Webinars and Videos
      • Podcast
      • Seminars
      • Newsletter
      • Glossary
    • Upcoming Events
    • News and Stories
    • Links and Other Resources
  • Get Involved
    • Year-End Giving
    • Donate
    • Fundraise
    • Volunteer
    • Share Your Story
    • Patient Study Recruitment
    • Patient Self-Advocacy
    • Bladder Cancer Awareness Month
    • Your Impact
  • Health Care Practitioners
    • Doctor Resources
    • BCC Research Grant Applications
    • BCC Research Grant Recipients
    • CBCIS
    • CBCRN
    • Medical Advisory Board
  • About Us
    • Who We Are
    • Board of Directors
    • Staff
    • Medical Advisory Board
    • Sponsors and Partners
    • Financial Statements and Annual Reports
    • Newsletter
    • Contact Us
  • Shop
  • Walk With Us
  • Donate
Bladder Cancer Canada